The Khalas Tv Blog India ਸਿੱਧੂ ਦੀ ਪਾਕਿਸਤਾਨੀ ਸਿਆਸਤ ‘ਚ ENTRY !
India International Punjab

ਸਿੱਧੂ ਦੀ ਪਾਕਿਸਤਾਨੀ ਸਿਆਸਤ ‘ਚ ENTRY !

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਨੂੰ ਕਰੀਬ ਇੱਕ ਮਹੀਨਾ ਬੀਤ ਚੁੱਕਿਆ ਹੈ। ਭਾਰਤ ਸਮੇਤ ਪਾਕਿਸਤਾਨ ਵਿੱਚ ਰਹਿੰਦੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕਰ ਰਹੇ ਹਨ। ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਗੀਤ ਖ਼ਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹਨ। ਉਨ੍ਹਾਂ ਦੇ ਕਈ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਪਾਕਿਸਤਾਨੀ ਪੰਜਾਬ ‘ਚ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਪਰ ਹੁਣ ਮੂਸੇਵਾਲਾ ਦੀ ਤਸਵੀਰ ਪਾਕਿਸਤਾਨ ਦੀ ਸਿਆਸਤ ਵਿੱਚ ਵੀ ਵਰਤੀ ਜਾ ਰਹੀ ਹੈ।

ਪਾਕਿਸਤਾਨ ਦੇ ਪੰਜਾਬ ‘ਚ ਹੋਈ ਜ਼ਿਮਨੀ ਚੋਣ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਨਾਲ ਮੂਸੇਵਾਲਾ ਦੀ ਤਸਵੀਰ ਦੇਖੀ ਗਈ ਹੈ। ਜ਼ੈਨ ਕੁਰੈਸ਼ੀ ਮੁਲਤਾਨ ਖੇਤਰ ਦੇ ਪੀਪੀ 217 ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਚੋਣ ਹੋਰਡਿੰਗ ‘ਤੇ ਛਪੀ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਪੋਸਟਰ ‘ਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਅਹੁਦੇਦਾਰਾਂ ਦੇ ਨਾਂ ਅਤੇ ਤਸਵੀਰਾਂ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਮੂਸੇਵਾਲਾ ਦੀ ਤਸਵੀਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਗੀਤ ਵੱਲ ਇਸ਼ਾਰਾ ‘295’ ਲਿਖ ਕੇ ਵੀ ਕੀਤਾ ਗਿਆ ਹੈ।

ਜ਼ੈਨ ਕੁਰੈਸ਼ੀ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਪੀਟੀਆਈ’ ਦੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਪੁੱਤਰ ਹਨ। ਉਹ ਪਿਛਲੀਆਂ ਆਮ ਚੋਣਾਂ ਵਿੱਚ ਮੁਲਤਾਨ ਤੋਂ ਚੁਣੇ ਜਾਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਵਿੱਚ ਪੁੱਜੇ ਸਨ। ਹਾਲ ਹੀ ਵਿੱਚ ਸਰਕਾਰ ਗੁਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਸੂਤਰਾਂ ਮੁਤਾਬਕ ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਹ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪੋਸਟਰ ਕਿਸ ਨੇ ਛਪਵਾਏ ਅਤੇ ਕਿੱਥੇ ਲਗਾਏ ਗਏ ਅਤੇ ਇਸ ਪਿੱਛੇ ਕੀ ਮਕਸਦ ਸੀ। ‘ਪਰ ਜਿਸ ਨੇ ਵੀ ਇਹ ਤਸਵੀਰ ਛਾਪੀ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਸ ਕਾਰਨ ਇਹ ਪੋਸਟਰ ਇੰਨਾ ਵਾਇਰਲ ਹੋਇਆ ਹੈ ਜਿੰਨਾ ਸਾਡਾ ਕੋਈ ਵੀ ਪੋਸਟਰ ਵਾਇਰਲ ਨਹੀਂ ਹੋਇਆ।’ ਹਾਲਾਂਕਿ ਉਨ੍ਹਾਂ ਦੇ ਵਿਚਾਰ ਵਿੱਚ ਜ਼ਰੂਰ ਉਨ੍ਹਾਂ ਦੀ ਪਾਰਟੀ ਦੇ ਕਿਸੇ ਹਮਾਇਤੀ ਨੇ ਉਨ੍ਹਾਂ ਦੀ ਹਮਾਇਤ ਵਿੱਚ ਅਜਿਹਾ ਕੀਤਾ ਹੋਵੇਗਾ।
ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਹ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦੇ ਸਨ। ਉਨ੍ਹਾਂ ਨੇ ਕਿਹਾ ਕਿ ‘ਸਿੱਧੂ ਖਾਸ ਤੌਰ ‘ਤੇ ਨੌਜਵਾਨਾਂ ਵਿੱਚ ਬਹੁਤ ਚਹੇਤੇ ਸਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਸਨ ਅਤੇ ਇਸ ਪ੍ਰਸਿੱਧੀ ਤੋਂ ਬਾਅਦ ਉਨ੍ਹਾਂ ਦਾ ਸਿਆਸਤ ਵਿੱਚ ਆਉਣਾ ਹੀ ਮੌਤ ਦੀ ਵਜ੍ਹਾ ਬਣੀ ਹੋਵੇ।’

ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਵੀ ਪੋਸਟਰ ਦੀ ਛਪਾਈ ਸਬੰਧੀ ਕਿਸੇ ਨੂੰ ਕੋਈ ਹਦਾਇਤ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦੀ ਜਾਣਕਾਰੀ ਵਿੱਚ ਅਜਿਹਾ ਕੋਈ ਪੋਸਟਰ ਛਾਪਿਆ ਗਿਆ ਹੈ। ਹਾਲਾਂਕਿ ਮੈਨੂੰ ਇਹ ਪੋਸਟਰ ਅਤੇ ਇਸ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਕੇ ਕੋਈ ਇਤਰਾਜ਼ ਨਹੀਂ ਹੋਇਆ। ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਇਸ ਪੋਸਟਰ ਨੂੰ ਸਿਆਸੀ ਮੁਹਿੰਮ ਵਿੱਚ ਉਨ੍ਹਾਂ ਦੇ ਖਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੇ ਨਜ਼ਰੀਏ ਵਿੱਚ ਵਾਇਰਲ ਹੋ ਰਹੀ ਤਸਵੀਰ ਤੋਂ ਹੋਰ ਤਾਰੀਫ਼ ਹੀ ਮਿਲੀ ਹੈ।

ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਇਸ ‘ਤੇ ਬਹਿਸ ਹੋਣ ਲੱਗੀ ਹੈ। ਸੋਸ਼ਲ ਮੀਡੀਆ ਉੱਤੇ ਇੱਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ 2018 ਦੀਆਂ ਚੋਣਾਂ ‘ਚ ਜ਼ੈਨ ਕੁਰੈਸ਼ੀ ਨੇ ਆਪਣੇ ਬੈਨਰਾਂ ‘ਤੇ ਸਾਬਕਾ ਆਈਐੱਸਆਈ ਡੀਜੀ ਫੈਜ਼ ਹਮੀਦ ਅਤੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਦੀਆਂ ਤਸਵੀਰਾਂ ਛਾਪੀਆਂ ਸਨ ਅਤੇ ਇਸ ਵਾਰ ਸਿੱਧੂ ਮੂਸੇਵਾਲਾ। ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਵਿਚਾਰਧਾਰਕ ਤਬਦੀਲੀ ਹੋਵੇਗੀ। ਇੱਕ ਹੋਰ ਯੂਜ਼ਰ ਮੁਰਤਜ਼ਾ ਨਕਵੀ ਨੇ ਲਿਖਿਆ ਕਿ ‘ਮੈਂ ਇਸ ਕਾਰਨ ਜ਼ੈਨ ਕੁਰੈਸ਼ੀ ਨੂੰ ਵੋਟ ਪਾਵਾਂਗਾ’ ਜਦਕਿ ਜ਼ਰੀਆਬ ਨੇ ਸਵਾਲ ਚੁੱਕਿਆ ਕਿ ‘ਦੱਖਣੀ ਪੰਜਾਬ ਵਿੱਚ ਸਿੱਧੂ?’

Exit mobile version