ਬਿਉਰੋ ਰਿਪੋਰਟ: ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਵੱਲੋਂ ਆਪਣੀ ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੇ ਇਲਾਜ ਦੇ ਦਾਅਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਦਾ ਇਲਾਜ ਆਯੁਰਵੈਦਿਕ ਤਰੀਕਿਆਂ ਨਾਲ ਕਰਦੇ ਹਨ। ਮਿੱਠੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿੱਤੀਆਂ ਜੋ ਕੈਂਸਰ ਸੈੱਲਾਂ ਨੂੰ ਵਧਾਉਂਦੀਆਂ ਹਨ। ਜਿਸ ਤੋਂ ਬਾਅਦ ਪਤਨੀ ਡਾ: ਨਵਜੋਤ ਕੌਰ ਸਿੱਧੂ ਕੈਂਸਰ ਮੁਕਤ ਹੋ ਗਈ।
ਇਸ ਸਬੰਧੀ ਸਿੱਧੂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਹੁਣ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਟਾਟਾ ਮੈਮੋਰੀਅਲ ਹਸਪਤਾਲ ਦੀ ਅਗਵਾਈ ’ਚ 262 ਓਨਕੋਲੋਜਿਸਟਾਂ ਨੇ ਇਸ ਦਾਅਵੇ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸਿੱਧੂ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ ’ਤੇ ਖੋਜ ਜ਼ਰੂਰ ਚੱਲ ਰਹੀ ਹੈ ਪਰ ਇਨ੍ਹਾਂ ਦੇ ਠੀਕ ਹੋਣ ਦਾ ਦਾਅਵਾ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦਾਅਵੇ ਲਈ ਪੁਖਤਾ ਸਬੂਤ ਨਹੀਂ ਹਨ। ਅਜਿਹੇ ’ਚ ਜੇਕਰ ਲੋਕਾਂ ’ਚ ਕੈਂਸਰ ਵਰਗੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਸਿੱਧੂ ਵੱਲੋਂ ਕੀਤੇ ਗਏ ਦਾਅਵੇ
ਸਿੱਧੂ ਨੇ ਕਿਹਾ ਸੀ ਕਿ ਸਟੇਜ-4 ਕੈਂਸਰ ਦਾ ਪਤਾ ਲੱਗਣ ਦੇ ਬਾਵਜੂਦ ਨੋਨੀ 40 ਦਿਨਾਂ ਦੇ ਅੰਦਰ ਵਾਪਸ ਆ ਗਈ ਹੈ। ਲੋਕ ਕਹਿੰਦੇ ਹਨ ਕਿ ਇਸ ਦੀ ਕੀਮਤ ਕਰੋੜਾਂ ਰੁਪਏ ਹੈ, ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਿੰਮ ਦੇ ਪੱਤਿਆਂ ਦੀ ਕੀਮਤ ਕਿੰਨੀ ਹੈ? ਕੈਂਸਰ ਇੱਕ ਸੋਜਸ਼ ਹੈ, ਜੋ ਦੁੱਧ, ਕਾਰਬੋਹਾਈਡਰੇਟ (ਕਣਕ), ਰਿਫਾਇੰਡ ਸ਼ੂਗਰ (ਜਿਵੇਂ ਜਲੇਬੀ) ਅਤੇ ਰਿਫਾਇੰਡ ਆਟਾ ਵਰਗੀਆਂ ਚੀਜ਼ਾਂ ਕਾਰਨ ਹੁੰਦੀ ਹੈ। ਇਸੇ ਲਈ ਉਹ ਬੰਦ ਕਰ ਦਿੱਤੇ ਗਏ ਸਨ।
ਸਿੱਧੂ ਨੇ ਕਿਹਾ ਕਿ ਫਿਰ ਅਸੀਂ ਨੋਨੀ ਦੀ ਡਾਈਟ ’ਚ ਉਹ ਚੀਜ਼ਾਂ ਸ਼ਾਮਲ ਕੀਤੀਆਂ, ਜਿਨ੍ਹਾਂ ਦੀ ਉਸ ਨੂੰ ਜ਼ਰੂਰਤ ਸੀ। ਨੋਨੀ ਨੂੰ ਸਵੇਰੇ 10 ਵਜੇ ਨਿੰਬੂ ਪਾਣੀ ਦਿੱਤਾ ਗਿਆ। ਜਿਸ ਵਿੱਚ ਗਰਮ ਪਾਣੀ, ਕੱਚੀ ਹਲਦੀ, ਇੱਕ ਲਸਣ ਅਤੇ ਸੇਬ ਦਾ ਸਿਰਕਾ ਸੀ। ਅੱਧੇ ਘੰਟੇ ਬਾਅਦ 10 ਤੋਂ 12 ਨਿੰਮ ਦੇ ਪੱਤੇ ਅਤੇ ਤੁਲਸੀ ਦੇ ਦਿਓ। ਚਾਹ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਸਵੇਰੇ ਚਾਹ ਦੀ ਬਜਾਏ ਨੋਨੀ ਨੂੰ ਦਾਲਚੀਨੀ, ਲੌਂਗ ਅਤੇ ਛੋਟੀ ਇਲਾਇਚੀ ਦਾ ਮਿਸ਼ਰਣ ਘੱਟ ਤੋਂ ਘੱਟ ਗੁੜ ਦੇ ਨਾਲ ਦਿੱਤਾ ਜਾਂਦਾ ਸੀ।
ਸਿੱਧੂ ਨੇ ਕਿਹਾ ਸੀ ਕਿ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਤੁਹਾਡੇ ਕੋਲ ਕਰੋੜਾਂ ਹਨ, ਤੁਸੀਂ ਠੀਕ ਹੋ ਜਾਓਗੇ। ਪਰ ਇੱਕ ਆਮ ਆਦਮੀ ਕਿਵੇਂ ਠੀਕ ਹੋਵੇਗਾ? ਮੈਂ ਕਿਹਾ ਕਿ ਉਹੀ ਖੁਰਾਕ ਜੋ ਨੋਨੀ ਨੂੰ ਠੀਕ ਕਰਦੀ ਹੈ, ਇੱਕ ਆਮ ਆਦਮੀ ਵੀ ਇਸ ਨੂੰ ਖਾ ਸਕਦਾ ਹੈ ਅਤੇ ਆਪਣੇ ਆਪ ਨੂੰ ਬਚਾ ਸਕਦਾ ਹੈ।