The Khalas Tv Blog Punjab ਮੂਸੇਵਾਲਾ ਦੇ ਬਾਪ ਨੇ ਪੰਜਾਬ ਨੂੰ ਅੱਗ ‘ਚੋਂ ਕੱਢਣ ਦੀ ਮਾਰੀ ਹੂਕ
Punjab

ਮੂਸੇਵਾਲਾ ਦੇ ਬਾਪ ਨੇ ਪੰਜਾਬ ਨੂੰ ਅੱਗ ‘ਚੋਂ ਕੱਢਣ ਦੀ ਮਾਰੀ ਹੂਕ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਰਧਾਂਜਲੀ ਸਮਾਗਮ ਮੌਕੇ ਭਾਵੁਕ ਤਕਰੀਰ ਕਰਦਿਆਂ ਪੰਜਾਬ ਨੂੰ ਅੱਗ ਵਿੱਚੋਂ ਕੱਢਣ ਦੀ ਹੂਕ ਮਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮੇਰਾ ਘਰ ਉੱਜੜਿਆ ਹੈ, ਕੱਲ ਕਿਸੇ ਹੋਰ ਦਾ ਨਾ ਉੱਜੜੇ। ਉਹਨੇ ਕਿਹਾ ਕਿ ਉਹਦਾ ਪੁੱਤ ਸੰਤ ਸੁਭਾਅ ਸੀ, ਕਦੇ ਕੋਈ ਉਲਾਂਭਾ ਨਹੀਂ ਖੱਟਿਆ, ਬਾਵਜੂਦ ਇਹਦੇ ਉਹਦਾ ਪੁੱਤ ਸਦਾ ਲਈ ਹੱਥੋਂ ਖੋਹ ਲਿਆ ਗਿਆ। ਉਂਝ ਉਸਨੇ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਲੋੜ ਪਈ ਤਾਂ ਸੰਘਰਸ਼ ਵੀ ਛੇੜਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਭਰੇ ਹੋਏ ਗਲੇ ਨਾਲ ਕਿਹਾ ਕਿ ਹੁਣ ਉਨ੍ਹਾਂ ਕੋਲ ਜ਼ਿੰਦਗੀ ਜਿਊਣ ਲਈ ਕੁੱਝ ਵੀ ਨਹੀਂ ਰਿਹਾ, ਉਹ ਪਤੀ ਪਤਨੀ ਤਾਂ ਸਿਰਫ਼ ਜ਼ਿੰਦਗੀ ਨੂੰ ਭਾਰ ਦੀ ਤਰ੍ਹਾਂ ਢਾਹੁਣਗੇ। ਪਰ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਆਪਣੇ ਪੁੱਤ ਨੂੰ ਬੋਲਾਂ ਰਾਹੀਂ ਜਿਊਂਦਾ ਰੱਖਣਗੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਭੋਗ ਵੇਲੇ ਲੱਖਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਸਿੱਧੇ ਤੌਰ ਉੱਤੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਨਾ ਤਾਂ ਉਹਦੀ ਲਾਗ ਡਾਟ ਸੀ ਅਤੇ ਨਾ ਹੀ ਉਹਨੇ ਕਿਸੇ ਨਾਲ ਵਧੀਕੀ ਕੀਤੀ ਸੀ। ਸ਼ੁਭਦੀਪ ਵੱਲੋਂ ਬਚਪਨ ਵਿੱਚ ਹੰਢਾਈ ਗਰੀਬੀ ਬਾਰੇ ਉਹਨਾਂ ਨੇ ਸੰਘਰਸ਼ ਦੀਆਂ ਗੱਲਾਂ ਦੱਸ ਕੇ ਸੰਗਤ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਦਾ ਦੱਸਣਾ ਸੀ ਕਿ ਸ਼ੁਭਦੀਪ ਨੇ ਦੂਜੀ ਤੋਂ ਲੈ ਕੇ 12ਵੀਂ ਕਲਾਸ ਤੱਕ ਪੜਾਈ ਕਰਨ ਲਈ 25 ਕਿਲੋਮੀਟਰ ਸਾਈਕਲ ਉੱਤੇ ਜਾਣਾ ਪੈਂਦਾ ਸੀ।

ਜਦੋਂ ਵੱਡਾ ਹੋਇਆ ਤਾਂ ਉਹਨੇ ਜੇਬ ਖਰਚਾ ਘਰੋਂ ਮੰਗਣ ਦੀ ਥਾਂ ਆਪਣੇ ਗਾਣੇ ਵੇਚ ਕੇ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚਾਹੇ ਉਹਦੇ ਪੁੱਤ ਦਾ ਸਦਮਾ ਅਸਿਹ ਹੈ ਪਰ ਲੋਕਾਂ ਦੇ ਮਿਲੇ ਪਿਆਰ ਨੇ ਉਹਨਾਂ ਨੂੰ ਜੀਣ ਦਾ ਸਹਾਰਾ ਦਿੱਤਾ ਹੈ। ਉਸਨੇ ਇਹ ਵੀ ਦੱਸਿਆ ਕਿ ਸ਼ੁਭਦੀਪ ਕਦੇ ਵੀ ਘਰੋਂ ਤੁਰਨ ਵੇਲੇ ਮਾਪਿਆਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਏ ਬਿਨਾਂ ਪੈਰ ਨਹੀਂ ਸੀ ਪੁੱਟਦਾ। 29 ਮਈ ਦੀ ਮਨਹੂਸ ਕਾਲੀ ਸ਼ਾਮ ਨੂੰ ਜਦੋਂ ਉਹ ਘਰੋਂ ਤੁਰਿਆ ਤਦ ਮਾਂ ਕਿਧਰੇ ਗਈ ਹੋਈ ਸੀ। ਇਹ ਇੱਕੋ ਮੌਕਾ ਸੀ ਜਦੋਂ ਉਹਨੇ ਮਾਂ ਦੀ ਛਾਤੀ ਨਾਲ ਲੱਗੇ ਬਿਨਾਂ ਘਰੋਂ ਪੈਰ ਪੱਟਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸਨੂੰ ਸਾਰੀ ਉਮਰ ਇਹ ਵੀ ਝੋਰਾ ਲੱਗਾ ਰਹੇਗਾ ਕਿ ਉਹਨਾਂ ਨੇ ਸ਼ੁਭਦੀਪ ਨੂੰ ਕੱਲਿਆਂ ਘਰੋਂ ਪੈਰ ਪੱਟਣ ਤੋਂ ਵਰਜਿਆ ਕਿਉਂ ਨਹੀਂ। ਉਨ੍ਹਾਂ ਨੇ ਅੰਤ ਵਿੱਚ ਸੋਸ਼ਲ ਮੀਡੀਆ ਨੂੰ ਬਿਨਾਂ ਸਿਰ ਪੈਰ ਤੋਂ ਖਬਰਾਂ ਅਤੇ ਤਸਵੀਰਾਂ ਫੈਲਾਉਣ ਤੋਂ ਵਰਜਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਸਿੱਧੂ ਪਰਿਵਾਰ ਨੂੰ ਸੱਟ ਵੱਜੀ ਹੈ।

ਮਰਹੂਮ ਸਿੱਧੂ ਮੂਸੇਵਾਲਾ

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣ ਲੜਨ ਦਾ ਫੈਸਲਾ ਸਿੱਧੂ ਦਾ ਆਪਣਾ ਸੀ ਜਦਕਿ ਮੈਂ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਤੂੰ ਹਲਕੇ ਉੱਤੇ ਨਹੀਂ, ਵਿਸ਼ਵ ਉੱਤੇ ਰਾਜ ਕਰ ਰਿਹਾ ਹੈ। ਉਨ੍ਹਾਂ ਨੇ ਇੱਕ ਹੋਰ ਸੋਸ਼ਲ ਮੀਡੀਆ ਦੇ ਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਕੋਈ ਵੀ ਅਗਲਾ ਪ੍ਰੋਗਰਾਮ ਆਪ ਵੀਡੀਓ ਵਾਇਰਲ ਕਰਕੇ ਦਿਆ ਕਰਨਗੇ ਅਤੇ ਹੋਰ ਕਿਸੇ ਵੀ ਸ੍ਰੋਤ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ।

ਉਨ੍ਹਾਂ ਨੇ ਰੱਬ ਅੱਗੇ ਤਰਲਾ ਮਾਰਦਿਆਂ ਕਿਹਾ ਕਿ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਫਿਰ ਵੀ ਇਸ ਅਕਿਹ ਅਤੇ ਅਸਿਹ ਦੁੱਖ ਵਿੱਚੋਂ ਲੰਘਣਾ ਪੈ ਰਿਹਾ ਹੈ। ਜਦੋਂ ਉਨ੍ਹਾਂ ਨੇ ਇਹ ਕਿਹਾ ਕਿ ਬਚਪਨ ਤਾਂ ਮਾੜਾ ਲੰਘਿਆ ਸੀ, ਹੁਣ ਬੁਢਾਪੇ ਵੇਲੇ ਵੀ ਬੁਰੇ ਦਿਨ ਆ ਗਏ, ਤਦ ਇਸ ਤੋਂ ਅੱਗੇ ਬੋਲਿਆ ਨਹੀਂ ਗਿਆ।

ਮਾਂ ਚਰਨ ਕੌਰ ਨੇ ਇਸ ਮੌਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 29 ਮਈ ਨੂੰ ਕਾਲੇ ਦਿਨ ਨੇ ਉਨ੍ਹਾਂ ਦਾ ਸਭ ਕੁੱਝ ਖਤਮ ਕਰ ਦਿੱਤਾ ਹੈ ਪਰ ਲੋਕਾਂ ਦੇ ਉਤਸ਼ਾਹ ਅਤੇ ਸਾਥ ਨੇ ਉਨ੍ਹਾਂ ਨੂੰ ਮਹਿਸੂਸ ਕਰਾਇਆ ਹੈ ਕਿ ਸ਼ੁਭ ਹਾਲੇ ਵੀ ਉਨ੍ਹਾਂ ਦੇ ਆਸ ਪਾਸ ਹੈ। ਉਨ੍ਹਾਂ ਨੇ ਸੰਗਤਾਂ ਤੋਂ ਅੱਗੇ ਵੀ ਇੰਝ ਹੀ ਸਾਥ ਦੀ ਉਮੀਦ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਉਹਦੇ ਬੋਲ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਹਰੇਕ ਨੂੰ ਇੱਕ ਰੁੱਖ ਲਾ ਕੇ ਪਾਲਣ ਅਤੇ ਬੋਹੜ ਦੀ ਤਰ੍ਹਾਂ ਅੱਗੇ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਉਹਦੇ ਸੀਨੇ ਠੰਡ ਪੈਂਦੀ ਰਹੇ।

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ
Exit mobile version