The Khalas Tv Blog Punjab ਮੂਸੇਵਾਲਾ ਦੀ ਮਾਤਾ ਦੇ ਪੁਤਲਾ ਸਾੜਨ ਦਾ ਮਾਮਲਾ: ਮਾਤਾ ਨੇ ਕ੍ਰਿਸ਼ਚੀਅਨ ਕਮੇਟੀ ਨੂੰ ਭੇਜਿਆ 10 ਲੱਖ ਦਾ ਨੋਟਿਸ
Punjab

ਮੂਸੇਵਾਲਾ ਦੀ ਮਾਤਾ ਦੇ ਪੁਤਲਾ ਸਾੜਨ ਦਾ ਮਾਮਲਾ: ਮਾਤਾ ਨੇ ਕ੍ਰਿਸ਼ਚੀਅਨ ਕਮੇਟੀ ਨੂੰ ਭੇਜਿਆ 10 ਲੱਖ ਦਾ ਨੋਟਿਸ

ਬਿਊਰੋ ਰਿਪੋਰਟ (ਜਲੰਧਰ, 12 ਦਸੰਬਰ 2025): ਜਲੰਧਰ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਚਰਨ ਕੌਰ ਨੇ ਆਪਣੇ ਵਕੀਲ ਰਾਹੀਂ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਰੁਪਏ ਦਾ ਲੀਗਲ ਨੋਟਿਸ ਭੇਜਿਆ ਹੈ।

ਨੋਟਿਸ ਰਾਹੀਂ ਮੂਸੇਵਾਲਾ ਪਰਿਵਾਰ ਦੇ ਵਕੀਲ ਗੁਰਵਿੰਦਰ ਸੰਧੂ ਨੇ ਸਵਾਲ ਕੀਤਾ ਹੈ ਕਿ ਇਹ ਸਾਰਾ ਕੰਮ ਕਿਸ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ ਅਤੇ ਉਸ ਵਿਅਕਤੀ ਦਾ ਨਾਮ ਦੱਸਿਆ ਜਾਵੇ।

ਮਾਤਾ ਚਰਨ ਕੌਰ ਦੀਆਂ ਮੁੱਖ ਮੰਗਾਂ:

ਲੀਗਲ ਨੋਟਿਸ ਵਿੱਚ ਕਮੇਟੀ ਨੂੰ ਹੇਠ ਲਿਖੀਆਂ ਸ਼ਰਤਾਂ 15 ਦਿਨਾਂ ਦੇ ਅੰਦਰ ਪੂਰੀਆਂ ਕਰਨ ਲਈ ਕਿਹਾ ਗਿਆ ਹੈ:

  1. ਜਨਤਕ ਮੁਆਫੀ: ਚਰਨ ਕੌਰ ਤੋਂ ਬਿਨਾਂ ਸ਼ਰਤ ਜਨਤਕ ਮੁਆਫੀ ਮੰਗੀ ਜਾਵੇ ਅਤੇ ਇਹ ਮੁਆਫੀਨਾਮਾ ਸਥਾਨਕ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਿਤ ਕਰਵਾਇਆ ਜਾਵੇ।
  2. ਸੋਸ਼ਲ ਮੀਡੀਆ ’ਤੇ ਮੁਆਫੀ: ਸੰਗਠਨ ਦੇ ਸਾਰੇ ਜਨਤਕ ਸੋਸ਼ਲ ਮੀਡੀਆ ਪਲੇਟਫਾਰਮਾਂ (ਫੇਸਬੁੱਕ ਸਮੇਤ) ’ਤੇ ਘੱਟੋ-ਘੱਟ 30 ਦਿਨਾਂ ਲਈ ਮੁਆਫੀ ਦੀ ਪੋਸਟ ਲਗਾਈ ਜਾਵੇ।
  3. ਮਾਨਸਿਕ ਪੀੜਾ ਦਾ ਮੁਆਵਜ਼ਾ: ਚਰਨ ਕੌਰ ਨੂੰ ਹੋਈ ਮਾਨਸਿਕ ਪੀੜਾ ਅਤੇ ਉਨ੍ਹਾਂ ਦੀ ਜਨਤਕ ਸਥਿਤੀ ਨੂੰ ਪਹੁੰਚੇ ਨੁਕਸਾਨ ਦੇ ਮੁਆਵਜ਼ੇ ਵਜੋਂ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ।
  4. ਟਿੱਪਣੀਆਂ ’ਤੇ ਰੋਕ: ਚਰਨ ਕੌਰ ਵਿਰੁੱਧ ਹਰ ਤਰ੍ਹਾਂ ਦੀਆਂ ਟਿੱਪਣੀਆਂ ਤੁਰੰਤ ਬੰਦ ਕੀਤੀਆਂ ਜਾਣ।

ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ 15 ਦਿਨਾਂ ਦੇ ਅੰਦਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਮੇਟੀ ਖ਼ਿਲਾਫ਼ ਅਦਾਲਤ ਵਿੱਚ ਅਪਰਾਧਿਕ ਅਤੇ ਸਿਵਲ ਮੁਕੱਦਮਾ ਦਰਜ ਕੀਤਾ ਜਾਵੇਗਾ। ਇਸ ਅਪਰਾਧ ਲਈ 2 ਸਾਲ ਤੱਕ ਦੀ ਜੇਲ੍ਹ ਅਤੇ ਜੁਰਮਾਨੇ ਦੀ ਵਿਵਸਥਾ ਹੈ।

ਪੁਤਲਾ ਸਾੜਨ ਦਾ ਮਾਮਲਾ

ਜ਼ਿਕਰਯੋਗ ਹੈ ਕਿ 10 ਦਸੰਬਰ ਨੂੰ ਕ੍ਰਿਸ਼ਚੀਅਨ ਭਾਈਚਾਰੇ ਨੇ ਡੀ.ਸੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਤਿੰਨ ਪੁਤਲੇ ਸਾੜੇ ਗਏ ਸਨ। ਇਹ ਪ੍ਰਦਰਸ਼ਨ ਪਾਸਟਰ ਅੰਕੁਰ ਨਰੂਲਾ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਦੇ ਵਿਰੋਧ ਵਿੱਚ ਸੀ, ਅਤੇ ਇਨ੍ਹਾਂ ਵਿੱਚੋਂ ਇੱਕ ਪੁਤਲੇ ਉੱਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤਸਵੀਰ ਲੱਗੀ ਹੋਈ ਸੀ।

 

Exit mobile version