The Khalas Tv Blog Punjab ਸਿੱਧੂ ਮੂਸੇਵਾਲਾ ਦੇ ਪਿਤਾ ਪੰਜਾਬ ਸਰਕਾਰ ‘ਤੇ ਨਾਰਾਜ਼ : ਕਿਹਾ- 8 ਮਹੀਨੇ ਦਾ ਸਮਾਂ ਲੈ ਕੇ ਬਣਾਇਆ ਬਹਾਨਾ
Punjab

ਸਿੱਧੂ ਮੂਸੇਵਾਲਾ ਦੇ ਪਿਤਾ ਪੰਜਾਬ ਸਰਕਾਰ ‘ਤੇ ਨਾਰਾਜ਼ : ਕਿਹਾ- 8 ਮਹੀਨੇ ਦਾ ਸਮਾਂ ਲੈ ਕੇ ਬਣਾਇਆ ਬਹਾਨਾ

Sidhu Moosewala's father is angry with the Punjab government: He said that it took 8 months to make an excuse.

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਾਰੈਂਸ ਇੰਟਰਵਿਊ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਹਾਈਕੋਰਟ ‘ਚ ਦਾਇਰ ਕੀਤੇ ਜਵਾਬ ‘ਤੇ ਇੱਕ ਵਾਰ ਫਿਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਵਿੱਚ ਦਾਇਰ ਜਵਾਬ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਗਈ ਹੈ। ਸਾਨੂੰ ਉਮੀਦ ਸੀ ਕਿ ਸਰਕਾਰ ਇਸ ਵਾਰ ਸੱਚ ਬੋਲੇਗੀ, ਕਿਉਂਕਿ ਲਾਰੈਂਸ ਪੰਜਾਬ ਸਰਕਾਰ ਦੀ ਹਿਰਾਸਤ ਵਿੱਚ ਸੀ। ਪਿਛਲੇ 8 ਮਹੀਨਿਆਂ ਤੋਂ ਉਹ ਜਾਂਚ ਦੇ ਬਹਾਨੇ ਅਦਾਲਤ ਤੋਂ ਸਮਾਂ ਲੈਂਦੇ ਰਹੇ ਪਰ ਹੁਣ ਉਨ੍ਹਾਂ ਸਪੱਸ਼ਟ ਕਿਹਾ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ।

ਇਸ ਦੇ ਨਾਲ ਨਾਲ ਹੀ ਬਲਕੌਰ ਸਿੰਘ ਬੋਲੇ ਕਿ ਇਸ ਵਾਰ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਸੀ, ਪਰ ਲਾਰੈਂਸ ਨੇ ਆਪਣੀ ਚਾਲ ਚੱਲ ਦਿੱਤੀ ਅਤੇ ਉਸ ਨੇ ਅਰਜ਼ੀ ਪਾ ਕੇ ਪਹਿਲਾਂ ਹੀ ਬੋਲ ਦਿੱਤਾ ਕਿ ਉਸ ਦੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਹੀ ਨਹੀਂ ਸੀ ਤੇ ਨਾ ਹੀ ਉਸ ਨੇ ਕਦੇ ਮੂਸੇਵਾਲਾ ਤੋਂ ਕੋਈ ਫਿਰੌਤੀ ਮੰਗੀ ਸੀ। ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਲਾਰੈਂਸ ਇੰਟਰਵਿਊ ‘ਚ ਬੋਲਦਾ ਹੈ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਅ ਹੈ, ਤੇ ਹੁਣ ਕਤਲ ਦੀ ਸਜ਼ਾ ਤੋਂ ਬਚਣ ਲਈ ਉਸ ਨੇ ਅਰਜ਼ੀ ਪਾ ਕੇ ਸਾਫ਼ ਹੀ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।

ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੈ। ਇਸ ਦੌਰਾਨ ਪੰਜਾਬ ਜੇਲ੍ਹ ਦੇ ਏਡੀਜੀਪੀ ਅਰੁਣਪਾਲ ਸਿੰਘ ਹਾਈ ਕੋਰਟ ਵਿੱਚ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਐਸਆਈਟੀ ਨੂੰ ਪੰਜਾਬ ਦੀ ਜੇਲ੍ਹ ਜਾਂ ਜੇਲ੍ਹ ਦੇ ਬਾਹਰ ਕਿਤੇ ਵੀ ਲਾਰੈਂਸ ਦੀ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਇਸ ‘ਤੇ ਹਾਈਕੋਰਟ ਨੇ ਪੁੱਛਿਆ ਕਿ ਕੀ ਇਹ ਇੰਟਰਵਿਊ ਹਰਿਆਣਾ ‘ਚ ਹੋਣ ਦੀ ਸੰਭਾਵਨਾ ਹੈ ਤਾਂ ਏਡੀਜੀਪੀ ਨੇ ਇਸ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇੰਟਰਵਿਊ ਦੇ ਸਮੇਂ ਉਹ ਦਿੱਲੀ ਅਤੇ ਰਾਜਸਥਾਨ ਪੁਲਿਸ ਦੀ ਹਿਰਾਸਤ ‘ਚ ਸਨ।

ਹਾਈਕੋਰਟ ਨੇ ਕਿਹਾ ਕਿ 8 ਮਹੀਨਿਆਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ। ਆਖ਼ਰ ਐਸਆਈਟੀ ਨੇ ਕੀ ਕੀਤਾ ਤੇ ਐਸਆਈਟੀ ਨੂੰ ਕੀ ਹੁਕਮ ਦਿੱਤਾ ਗਿਆ? ਅਗਲੀ ਪੇਸ਼ੀ ‘ਤੇ ਦੱਸਿਆ ਜਾਵੇ ਕਿ ਜੇਕਰ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਹੋਈ ਤਾਂ ਕਿਹੜੀ ਜੇਲ੍ਹ ‘ਚ ਹੋਈ ਅਤੇ ਕਦੋਂ ਹੋਈ। ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।

Exit mobile version