The Khalas Tv Blog India ਵਿਰੋਧ ਦੇ ਬਾਵਜੂਦ ਰਿਲੀਜ਼ ਹੋਈ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ
India International Manoranjan Punjab

ਵਿਰੋਧ ਦੇ ਬਾਵਜੂਦ ਰਿਲੀਜ਼ ਹੋਈ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ’ਤੇ ਆਧਾਰਿਤ ਬੀਬੀਸੀ ਵਰਲਡ ਸਰਵਿਸ ਦੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਨੂੰ, ਪਰਿਵਾਰ ਦੇ ਸਖ਼ਤ ਵਿਰੋਧ ਅਤੇ ਕਾਨੂੰਨੀ ਕਾਰਵਾਈਆਂ ਦੇ ਬਾਵਜੂਦ, 11 ਜੂਨ 2025 ਨੂੰ ਯੂਟਿਊਬ ’ਤੇ ਰਿਲੀਜ਼ ਕਰ ਦਿੱਤਾ ਗਿਆ। ਇਹ ਡਾਕੂਮੈਂਟਰੀ ਸਿੱਧੂ ਦੇ 32ਵੇਂ ਜਨਮਦਿਨ ’ਤੇ ਸਵੇਰੇ 5 ਵਜੇ ਦੋ ਹਿੱਸਿਆਂ ਵਿੱਚ ਜਾਰੀ ਕੀਤੀ ਗਈ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਡਾਕੂਮੈਂਟਰੀ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਇਸ ਨੂੰ ਰੋਕਣ ਲਈ ਮਾਨਸਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ, ਸਮੇਤ ਬੀਬੀਸੀ ਅਤੇ ਹੋਰ ਤਿੰਨ ਪਾਰਟੀਆਂ ਨੂੰ ਕਾਨੂੰਨੀ ਨੋਟਿਸ ਭੇਜੇ। ਉਨ੍ਹਾਂ ਨੇ ਲੰਡਨ ਦੇ ਮੀਡੀਆ ਹਾਊਸ ਨੂੰ ਵੀ ਮੇਲ ਰਾਹੀਂ ਸੰਪਰਕ ਕੀਤਾ, ਪਰ ਬੀਬੀਸੀ ਨੇ ਪਰਿਵਾਰ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਬਲਕੌਰ ਸਿੰਘ ਨੇ ਇਤਰਾਜ਼ ਜਤਾਇਆ

ਬਲਕੌਰ ਸਿੰਘ ਦਾ ਦਾਅਵਾ ਹੈ ਕਿ ਡਾਕੂਮੈਂਟਰੀ ਵਿੱਚ ਅਣਅਧਿਕਾਰਤ ਅਤੇ ਸੰਵੇਦਨਸ਼ੀਲ ਸਮੱਗਰੀ ਸ਼ਾਮਲ ਹੈ, ਜਿਸ ਵਿੱਚ ਨਿੱਜੀ ਗਵਾਹੀਆਂ ਅਤੇ ਚੱਲ ਰਹੇ ਅਪਰਾਧਿਕ ਮਾਮਲੇ ’ਤੇ ਟਿੱਪਣੀਆਂ ਸ਼ਾਮਲ ਹਨ। ਉਨ੍ਹਾਂ ਨੂੰ ਡਰ ਹੈ ਕਿ ਇਹ ਡਾਕੂਮੈਂਟਰੀ ਸਿੱਧੂ ਦੇ ਕਤਲ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਹੁਣ ਤੱਕ ਮਾਮਲੇ ਵਿੱਚ ਦੋ ਗਵਾਹੀਆਂ ਹੋ ਚੁੱਕੀਆਂ ਹਨ, ਅਤੇ ਬਲਕੌਰ ਸਿੰਘ ਦੀ ਗਵਾਹੀ ਅਜੇ ਬਾਕੀ ਹੈ। ਉਨ੍ਹਾਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਪਰਿਵਾਰ ਨੂੰ ਡਾਕੂਮੈਂਟਰੀ ਦੀ ਸਮੱਗਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਅਤੇ ਇਸ ਦੀ ਰਿਲੀਜ਼ ਪਰਿਵਾਰ ਦੀ ਨਿੱਜਤਾ ਅਤੇ ਮਰਨ ਉਪਰੰਤ ਸਿੱਧੂ ਦੇ ਸਨਮਾਨ ਦੀ ਉਲੰਘਣਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਜਨਤਕ ਅਸ਼ਾਂਤੀ ਨੂੰ ਭੜਕਾ ਸਕਦੀ ਹੈ ਅਤੇ ਜਾਂਚ ਵਿੱਚ ਵਿਘਨ ਪਾ ਸਕਦੀ ਹੈ।

The Killing Call, Ep 1: Sidhu Moose Wala and the Murder that Shook India - BBC World Service Docs

ਬਲਕੌਰ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਸਿੱਧੂ ਦੇ ਵਿਰੋਧੀਆਂ ਨੇ ਜਾਣਬੁੱਝ ਕੇ ਡਾਕੂਮੈਂਟਰੀ ਦੀ ਰਿਲੀਜ਼ ਸਿੱਧੂ ਦੇ ਜਨਮਦਿਨ ’ਤੇ ਰੱਖੀ, ਜੋ ਉਨ੍ਹਾਂ ਦੇ ਪਰਿਵਾਰ ਲਈ ਦੁਖਦਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਦਾਲਤੀ ਪਟੀਸ਼ਨ ਦੇ ਵੇਰਵੇ ਜਨਤਕ ਤੌਰ ’ਤੇ ਉਪਲਬਧ ਨਹੀਂ ਹਨ, ਪਰ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਸਿੱਧੂ ਮੂਸੇਵਾਲਾ, ਜਿਸ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ, ਉਸ ਦੀ ਮੌਤ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ। ਉਹ ਆਪਣੀ ਥਾਰ ਗੱਡੀ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਇਹ ਹਮਲਾ ਹੋਇਆ। ਪੁਲਿਸ ਮੁਤਾਬਕ, ਹਮਲੇ ਵਿੱਚ ਏਕੇ-47 ਅਤੇ 9 ਐਮਐਮ ਪਿਸਤੌਲ ਸਮੇਤ ਹਥਿਆਰਾਂ ਦੀ ਵਰਤੋਂ ਕੀਤੀ ਗਈ। ਸਿੱਧੂ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਉਸ ਸਮੇਂ ਉਨ੍ਹਾਂ ਦੇ ਨਾਲ ਦੋ ਸਾਥੀ ਵੀ ਸਨ, ਜੋ ਜ਼ਖਮੀ ਹੋਏ।

ਪੰਜਾਬ ਪੁਲਿਸ ਨੇ ਇਸ ਨੂੰ ਗੈਂਗਵਾਰ ਨਾਲ ਜੋੜਿਆ, ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ। ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ। ਪੁਲਿਸ ਮੁਤਾਬਕ, ਇਹ ਕਤਲ ਵਿੱਕੀ ਮਿੱਡੂਖੇੜਾ ਦੀ ਹੱਤਿਆ ਦਾ ਬਦਲਾ ਹੋ ਸਕਦਾ ਹੈ। ਸਿੱਧੂ ਦੀ ਸੁਰੱਖਿਆ ਨੂੰ ਘਟਾਉਣ ਦਾ ਮੁੱਦਾ ਵੀ ਵਿਵਾਦਿਕ ਰਿਹਾ, ਕਿਉਂਕਿ ਹਮਲੇ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ, ਅਤੇ ਉਹ ਬੁਲੇਟਪਰੂਫ਼ ਗੱਡੀ ਜਾਂ ਗੰਨਮੈਨ ਬਿਨਾਂ ਸਫ਼ਰ ਕਰ ਰਹੇ ਸਨ। ਕਤਲ ਤੋਂ ਬਾਅਦ, ਪੁਲਿਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ ਦੋ ਸ਼ੂਟਰ, ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ, ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।

ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ

ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ। ਇਸ ਮੌਕੇ ‘ਤੇ ਸਿੱਧੂ ਦੇ 3 ਗੀਤਾਂ ਦੀ ਐਲਬਮ “ਮੂਸ ਪ੍ਰਿੰਟ” ਦੇ ਨਾਂਅ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਪਿਤਾ ਨੇ ਕਿਹਾ ਕਿ ਹਰ ਜਨਮਦਿਨ ‘ਤੇ ਸਿੱਧੂ ਦੇ ਫੈਨਜ਼ ਨੂੰ ਕੁਝ ਨਵਾਂ ਮਿਲਦਾ ਰਹੇ, ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ। ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਹਨ, ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ 8 ਗੀਤ ਰਿਲੀਜ਼ ਹੋਏ ਹਨ। ਉਨ੍ਹਾਂ ਦੇ ਸਾਰੇ ਗੀਤਾਂ ਨੂੰ ਪਹਿਲਾਂ ਵਾਂਗ ਹੀ ਪ੍ਰਸਿੱਧੀ ਮਿਲੀ। ਇਹ ਸਾਰੇ ਗਾਣੇ ਉਸਦੇ ਅਧਿਕਾਰਤ ਅਕਾਊਂਟ ‘ਤੇ ਰਿਲੀਜ਼ ਕੀਤੇ ਗਏ ਸਨ।

 

Exit mobile version