ਕੈਨੇਡਾ ਅਧਾਰਤ ਗੈਂਗਸਟਰ ਸਤਿੰਦਰਜੀਤ ਸਿੰਘ ਬਰਾੜ ਉਰਫ਼ ਗੋਲਡੀ ਬਰਾੜ ਹੁਣ “ਬੀ ਆਨ ਦਿ ਲੁੱਕ ਆਉਟ” (ਬੋਲੋ) ਵਿੱਚ ਸ਼ਾਮਲ ਕੀਤਾ ਗਿਆ ਹੈ। ਰਬੀਹ ਅਲਖਲੀਲ ਵਰਗੇ ਭਗੌੜੇ ਅਪਰਾਧੀਆਂ ਦੇ ਨਾਲ-ਨਾਲ ਕੈਨੇਡਾ ਦੇ ਚੋਟੀ ਦੇ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚ ਉਸਦਾ ਨਾਮ ਸ਼ਾਮਲ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨੇ ਉਸ ਨੂੰ ਲੋੜੀਂਦੇ ਅਪਰਾਧੀਆਂ ਵਿੱਚ 15ਵੇਂ ਨੰਬਰ ’ਤੇ ਸੂਚੀਬੱਧ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਸਟਰਮਾਈਂਡ ਦੱਸੇ ਜਾਂਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਕੈਨੇਡਾ ਪੁਲਿਸ ਨੇ 25 ਮੋਸਟਵਾਂਟੇਡ ਗੈਂਗਸਟਰਾਂ ਵਿਚ ਸ਼ਾਮਲ ਕੀਤਾ ਹੈ।ਬੋਲੋ ਪ੍ਰੋਗਰਾਮ ਨੇ ਇਸ ਬਾਰੇ ਟਵੀਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਹੈ। ਬੋਲੋ ਪ੍ਰੋਗਰਾਮ ਦਾ ਮੁੱਖ ਟੀਚਾ ਸਭ ਤੋਂ ਵੱਧ ਲੋੜੀਂਦਾ ਅਪਰਾਧੀਆਂ ਬਾਰੇ ਕੈਨੇਡਾ ਦੀ ਨਾਗਰਿਕਾਂ ਨੂੰ ਦੱਸਣਾ ਹੈ।
https://twitter.com/BoloProgram/status/1653047875134275584?s=20
ਬੋਲੋ ਪ੍ਰੋਗਰਾਮ ਨੇ ਸੋਮਵਾਰ ਨੂੰ $750,000 ਤੋਂ ਵੱਧ ਇਨਾਮਾਂ ਦੀ ਘੋਸ਼ਣਾ ਵੀ ਕੀਤੀ ਗਈ ਸੀ, ਜਿਸ ਵਿੱਚ 25 ਵਿੱਚੋਂ ਕਈ ਸਭ ਤੋਂ ਵੱਧ ਲੋੜੀਂਦੇ ਦੀ ਭਾਲ ਲਈ $50,000 ਤੋਂ $100,000 ਤੱਕ ਦੇ ਇਨਾਮ ਰੱਖੇ ਗਏ ਹਨ। ਅੱਪਡੇਟ ਕੀਤੀ ਸੂਚੀ ਵਿੱਚ ਸਿਖਰ ‘ਤੇ ਕ੍ਰਿਸਟੀਅਨ ਅਡੋਲਫੋ ਕੁਕਸਮ ਹੈ। ਉਹ ਪਿਛਲੇ ਅਕਤੂਬਰ ਵਿੱਚ ਟੋਰਾਂਟੋ ਵਿੱਚ ਇੱਕ ਫੁਟਬਾਲ ਖੇਡ ਦੌਰਾਨ 49 ਸਾਲਾ ਰੈਫਰੀ ਐਡਵਿਨ ਫਾਰਲੇ ਅਲਵਾਰਾਡੋ ਕੁਇੰਟੇਰੋ ਦੀ ਬੇਰਹਿਮੀ ਨਾਲ ਹੱਤਿਆ ਲਈ ਲੋੜੀਂਦਾ ਸੀ। ਉਸ ਬਾਰੇ ਸੂਚਨ ਦੇਣ ਵਾਲੇ ਨੂੰ $250,000 ਤੱਕ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ।
ਦੱਸ ਦੇਈਏ ਕਿ ਬੀ ਆਨ ਦਿ ਲੁੱਕ ਆਉਟ” (ਬੋਲੋ) ਕੈਨੇਡਾ ਪੁਲਿਸ ਵੱਲੋਂ ਚਲਾਈ ਗਈ ਅਪਰਾਧੀਆਂ ਨੂੰ ਫੜਣ ਦੀ ਇੱਕ ਮੁਹਿੰਮ ਹੈ। ਇਸ ਦੇ ਲਈ ਜਿੰਨਾਂ ਅਪਰਾਧੀਆਂ ਤੋਂ ਸਮਾਜ ਨੂੰ ਖ਼ਤਰਾਂ ਹੁੰਦਾ ਹੈ ਅਤੇ ਅਤਿ ਦੇ ਲੋੜੀਂਦੇ ਹੁੰਦੇ ਹਨ, ਉਨ੍ਹਾਂ ਨੂੰ ਮੋਸਟ ਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਮੁਜ਼ਲਮਾਂ ਦੀ ਸੂਚਨਾ ਦੇਣ ਵਾਲਿਆਂ ਲੀ ਮੋਟਾ ਇਨਾਮ ਵੀ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਬੋਲੋ ਪ੍ਰੋਗਰਾਮ ਨਾਗਰਿਕਾਂ ਨੂੰ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਭਾਲ ਲਈ ਉਤਸ਼ਾਹਿਤ ਕਰਨ ਲਈ, ਸੋਸ਼ਲ ਮੀਡੀਆ, ਤਕਨਾਲੋਜੀ, ਅਤੇ ਨਵੀਨਤਾਕਾਰੀ ਰੁਝੇਵਿਆਂ ਦਾ ਲਾਭ ਉਠਾਉਣ ਵਾਲੀ ਇੱਕ ਸਫ਼ਲ ਪਹਿਲ ਹੈ।
ਅੱਤਵਾਦੀ ਸੰਗਠਨਾਂ ਨਾਲ ਸਬੰਧ ਹੋਣ ਦਾ ਦਾਅਵਾ
ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ (NIA) ਨੇ ਹਾਲ ਹੀ ਵਿੱਚ ਗੋਲਡੀ ਬਰਾੜ ਅਤੇ ਉਸ ਦੇ ਸਾਥੀ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਚਾਰਜਸ਼ੀਟ ਕੀਤਾ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੇ ਅਤਿਵਾਦੀ ਸੰਗਠਨਾਂ ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਕਈ ਵਾਰ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਗੋਲਡੀ ਬਰਾੜ ਵਰਗੇ ਅਪਰਾਧੀਆਂ ਨੂੰ ਭਾਰਤ ਵਿਰੁੱਧ ਅਪਰਾਧ ਅਤੇ ਦਹਿਸ਼ਤੀ ਮਨਸੂਬਿਆਂ ਲਈ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਕਿਹਾ ਹੈ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਦਸੰਬਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਦੂਜੇ ਪਾਸੇ ਗੈਂਗਸਟਰ ਦੇ ਵਕੀਲ ਨੇ ਇਸ ਖ਼ਬਰ ਦਾ ਖੰਡਨ ਕੀਤਾ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਲਈ ਸੀ ਜਿੰਮੇਵਾਰੀ
ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਤੋਂ ਬਾਅਦ ਉਹ ਕੈਨੇਡਾ ਤੋਂ ਅਮਰੀਕਾ ਚਲਾ ਗਿਆ ਸੀ। ਗੋਲਡੀ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਗੋਲਡੀ ਪਾਕਿਸਤਾਨ ਰਾਹੀਂ ਗੈਂਗਸਟਰਾਂ ਰਾਹੀਂ ਆਪਣਾ ਕੰਮ ਕਰਵਾਉਂਦੇ ਸਨ। ਅਸੀਂ ਇਸ ਮੁੱਦੇ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਕਰ ਰਹੇ ਹਾਂ, ਤਾਂ ਜੋ ਹੋਰ ਅਪਰਾਧੀਆਂ ਨੂੰ ਇੱਥੇ ਲਿਆਂਦਾ ਜਾ ਸਕੇ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਕੁਝ ਹੋਰ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਮਾਮਲਾ ਉਠਾਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਗੋਲਡੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਪਰ ਇਸ ਤੋਂ ਕੁਝ ਦਿਨਾਂ ਬਾਅਦ ਗੋਲਡੀ ਨੇ ਇੱਕ ਯੂ-ਟਿਊਬ ਚੈਨਲ ‘ਤੇ ਇੱਕ ਆਡੀਓ ਜਾਰੀ ਕਰ ਕਿਹਾ ਸੀ ਕਿ ਉਹ ਬਹੁਤ ਪਹਿਲਾਂ ਕੈਨੇਡਾ ਅਤੇ ਅਮਰੀਕਾ ਛੱਡ ਗਿਆ ਸੀ ਅਤੇ ਇਸ ਸਮੇਂ ਯੂਰਪ ਵਿੱਚ ਹੈ ਅਤੇ ਕਦੇ ਵੀ ਜਿਊਂਦਾ ਨਹੀਂ ਫੜਿਆ ਜਾਵੇਗਾ।
2017 ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ
ਬਰਾੜ ਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਰੈੱਡ ਕਾਰਨਰ ਨੋਟਿਸ ਵਿਦੇਸ਼ ਵਿੱਚ ਭਗੌੜੇ ਦੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਦੀ ਆਗਿਆ ਦਿੰਦਾ ਹੈ। ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਅਤੇ 2017 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਬਰਾੜ ਨੂੰ ਡੇਰਾ ਸੱਚਾ ਸੌਦਾ ਸਮਰਥਕ ਕਤਲ ਕਾਂਡ ਦਾ ਵੀ ਮੁੱਖ ਸਾਜ਼ਿਸ਼ਕਰਤਾ ਵੀ ਜਾਂਦਾ ਹੈ।ਉਸ ਦੇ ਪਿਤਾ ਸ਼ਮਸ਼ੇਰ ਸਿੰਘ ਏਐਸਆਈ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਇੱਕ ਕਤਲ ਕੇਸ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਤੋਂ ਬਾਅਦ ਲਾਜ਼ਮੀ ਸੇਵਾਮੁਕਤੀ ਦਿੱਤੀ ਗਈ ਸੀ।