ਬਿਉਰੋ ਰਿਪੋਰਟ: ਅੱਜ ਦੇਸ਼ ਭਰ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਜੀ ਨੇ ਮੂਸੇਵਾਲਾ ਦੀ ਯਾਦ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਐਕਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਜ਼ਰੀਏ ਉਨ੍ਹਾਂ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕੀਤੀ ਹੈ। ਕੈਪਸ਼ਨ ਵਿੱਚ ਉਨ੍ਹਾਂ ‘Miss u putt’ ਲਿਖਿਆ ਹੋਇਆ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਾਤਾ ਚਰਨ ਕੌਰ ਇੱਕ ਕੁਰਤੇ ’ਤੇ ਕਢਾਈ ਕਰਦਿਆਂ ‘JUSTICE FOR SIDHU’ ਲਿਖ ਰਹੇ ਹਨ। ਫਿਰ ਉਹ ਆਪਣੇ ਘਰ ਵਿੱਚ ਮੂਸੇਵਾਲਾ ਦੇ ਬੁੱਤ ਤੋਂ ਪਰਦਾ ਚੁੱਕਦੇ ਹਨ, ਜਿਸ ’ਤੇ ਉਹ ਕੁਰਤਾ ਦਿਖਾਈ ਦਿੰਦਾ ਹੈ। ਇਸ ’ਤੇ ਕਢਾਈ ਨਾਲ ‘ਸਿੱਧੂ ਲਈ ਇਨਸਾਫ’ ਲਿਖਿਆ ਹੋਇਆ ਹੈ।
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਮਾਤਾ ਚਰਨ ਕੌਰ ਨੇ ਬੜੀ ਭਾਵੁਕ ਪੋਸਟ ਸ਼ੇਅਰ ਕੀਤੀ ਸੀ। ਇਸ ਮਹੀਨੇ 29 ਤਰੀਕ ਨੂੰ ਹੀ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ, ਸੋ ਇਸ ਮਹੀਨੇ ਦੇ ਚੜ੍ਹਦਿਆਂ ਹੀ ਮਾਤਾ ਨੇ ਉਹ ਪੋਸਟ ਸ਼ੇਅਰ ਕੀਤੀ ਸੀ।
ਉਸ ਵੇਲੇ ਉਨ੍ਹਾਂ ਲਿਖਿਆ ਸੀ- “ਏਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਵਰਿਆ ਵਰਗਾ ਲੱਗਦਾ ਐ ਮੈਂ ਏਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਤੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ ਕਦੇ ਬਹੁਤ ਔਖਾ ਹੋ ਜਾਂਦਾ ਪਰ ਫੇਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਮੈਂ ਆਪਣਾ ਮਨ ਸਮਝਾਉਂਦੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿੰਦੀ ਆ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ਕ 27 – 28 ਪਿੱਛੇ ਚਲੀ ਗਈ ਐ ਪਰ ਬੇਟਾ ਅਸੀ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ ਤੇ ਪੁੱਤ ਅਸੀ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ, ਪੁੱਤ ਸਾਡੇ ਤੇ ਜੋ ਬੀਤੀਆਂ ਉਸਦੀ ਮਲ੍ਹਮ ਸਤਿਗੁਰੂ ਆਪ ਬਣਕੇ ਆਏ ਤੇ ਪੁੱਤ ਅਸੀ ਵੀ ਦੁਨੀਆਂਵੀ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੋਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਆ ਤੇ ਸਾਰਿਆਂ ਤੋਂ ਸਾਡੇ ਜਜਬਾਤਾ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ।”