ਬਿਉਰੋ ਰਿਪੋਰਟ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੇ ਬਿਆਨਾਂ ਤੋਂ ਬਾਅਦ ਮਾਤਾ ਚਰਨ ਕੌਰ ਨੇ ਪੋਸਟ ਸ਼ੇਅਰ ਕਰਕੇ ਇੱਕ ਵਾਰ ਫਿਰ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਦਰਅਸਲ ਇਸੇ ਮਹੀਨੇ 29 ਤਰੀਕ (29 May) ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।
ਮਾਤਾ ਚਰਨ ਕੋਰ ਨੇ ਲਿਖਿਆ – “ਏਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਵਰਿਆ ਵਰਗਾ ਲੱਗਦਾ ਐ ਮੈਂ ਏਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਤੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ ਕਦੇ ਬਹੁਤ ਔਖਾ ਹੋ ਜਾਂਦਾ ਪਰ ਫੇਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਮੈਂ ਆਪਣਾ ਮਨ ਸਮਝਾਉਂਦੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿੰਦੀ ਆ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ਕ 27 – 28 ਪਿੱਛੇ ਚਲੀ ਗਈ ਐ ਪਰ ਬੇਟਾ ਅਸੀ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ ਤੇ ਪੁੱਤ ਅਸੀ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ, ਪੁੱਤ ਸਾਡੇ ਤੇ ਜੋ ਬੀਤੀਆਂ ਉਸਦੀ ਮਲ੍ਹਮ ਸਤਿਗੁਰੂ ਆਪ ਬਣਕੇ ਆਏ ਤੇ ਪੁੱਤ ਅਸੀ ਵੀ ਦੁਨੀਆਂਵੀ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੋਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਆ ਤੇ ਸਾਰਿਆਂ ਤੋਂ ਸਾਡੇ ਜਜਬਾਤਾ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ”
ਦੱਸ ਦੇਈਏ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਦੇ ਬਾਹਰੋਂ ਰਸਤਾ ਖੋਲ੍ਹਣ ਸਬੰਧੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਜਿਸ ਦੌਰਾਨ ਸਿੱਧੂ ਮੂਸੇਵਾਲਾ ਦੀ ਮੌਤ ਦੇ ਮਾਮਲੇ ਬਾਰੇ ਵੀ ਗੱਲ ਕੀਤੀ ਗਈ ਹੈ। ਆਪਣੇ ਬਿਆਨ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ ਮੂਸੇਵਾਲਾ ਦੀ ਮੌਤ ਪੰਜਾਬ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਹਟਾਉਣ ਦੀ ਵਜ੍ਹਾ ਕਰਕੇ ਹੋਈ ਸੀ। ਪੰਜਾਬ ਸਰਕਾਰ ਨੇ ਦੱਸਿਆ ਕਿ ਸੂਬੇ ਵਿੱਚ ਦਹਿਸ਼ਤਗਰਦੀ ਮੁੜ ਤੋਂ ਸੁਰਜੀਤ ਹੋ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਨਹੀਂ ਖੋਲ੍ਹਿਆ ਜਾ ਸਕਦਾ।
ਅਦਾਲਤ ਵਿੱਚ ਪੰਜਾਬ ਸਰਕਾਰ ਦੇ ਇਸ ਬਿਆਨ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਜੇ ਸਰਕਾਰ ਵਿੱਚ ਰਤਾ ਵੀ ਇਨਸਾਨੀਅਤ ਬਚੀ ਹੈ ਤਾਂ ਉਸ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡੇਢ ਸਾਲ ਹੋ ਗਿਆ ਹੈ ਪਰ ਅੱਜ ਤੱਕ ਸਰਕਾਰ ਉਸ ਦਾ ਪਤਾ ਨਹੀਂ ਲਗਾ ਸਕੀ। ਜਿਨ੍ਹਾਂ ਅਧਿਕਾਰੀਆਂ ਨੇ ਇਹ ਇੰਟਰਵਿਊ ਕਰਵਾਈ ਸੀ ਉਹ ਵਿਦੇਸ਼ ਚਲੇ ਗਿਏ ਹਨ।