The Khalas Tv Blog Punjab ਮੂਸੇਵਾਲੇ ਦੇ ਘਰ ਪਿਤਾ ਦੇ ਗੰਨਮੈਨਾਂ ਨੇ ਇੱਕ ਦੂਜੇ ‘ਤੇ ਜਾਨਲੇਵਾ ਹਮਲਾ ਕੀਤਾ ! ਦੂਜੀ ਵਾਰ ਹੋਈ ਹਰਕਤ,ਬਲਕੌਰ ਸਿੰਘ ਸੁਰੱਖਿਆ ਸਵਾਲਾਂ ‘ਚ ?
Punjab

ਮੂਸੇਵਾਲੇ ਦੇ ਘਰ ਪਿਤਾ ਦੇ ਗੰਨਮੈਨਾਂ ਨੇ ਇੱਕ ਦੂਜੇ ‘ਤੇ ਜਾਨਲੇਵਾ ਹਮਲਾ ਕੀਤਾ ! ਦੂਜੀ ਵਾਰ ਹੋਈ ਹਰਕਤ,ਬਲਕੌਰ ਸਿੰਘ ਸੁਰੱਖਿਆ ਸਵਾਲਾਂ ‘ਚ ?

ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ (BALKAUR SINGH) ਦੇ ਗੰਨਮੈਨਾਂ (GUNMAN) ਨੂੰ ਲੈਕੇ ਇੱਕ ਵਾਰ ਮੁੜ ਤੋਂ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ । ਬਲਕੌਰ ਸਿੰਘ ਦੇ ਘਰ ਵਿੱਚ ਹੀ ਉਨ੍ਹਾਂ ਦੇ ਗੰਨਮੈਨ ਆਪਸ ਵਿੱਚ ਕਿਸੇ ਗੱਲ ਨੂੰ ਲੈਕੇ ਭਿੜ ਗਏ ਜਿਸ ਵਿੱਚ ਗੰਨਮੈਨ ਗੁਰਦੀਪ ਸਿੰਘ ਜਖਮੀ ਹੋਇਆ ਹੈ । ਉਸ ਨੂੰ ਮਾਨਸਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਗੰਨਮੈਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗਿਆ ਹਨ,ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਦੇ ਸਿਰ ‘ਤੇ 10 ਟਾਂਕੇ ਲੱਗੇ ਹਨ ।

ਇਹ ਝਗੜਾ ਦੇਰ ਰਾਤ ਹਵੇਲੀ ਵਿੱਚ ਹੀ ਹੋਇਆ ਹੈ । ਜਾਣਕਾਰੀ ਦੇ ਮੁਤਾਬਿਕ ਡਿਊਟੀ ਨੂੰ ਲੈਕੇ ਬਹਿਸ ਹੋਈ ਸੀ, ਗੁਰਦੀਪ ਸਿੰਘ ‘ਤੇ ਹਮਲਾ ਦੋ ਸਾਥੀ ਕਮਾਂਡੋ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਸੀ । ਮਾਨਸਾ ਦੇ SSP ਆਪ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ । ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੂੰ ਵੀ ਗੈਂਗਸਟਰਾਂ ਵੱਲੋਂ ਧਮਕੀ ਮਿਲਣ ਦੀ ਵਜ੍ਹਾ ਕਰਕੇ ਗੰਨਮੈਨ ਮਿਲੇ ਹੋਏ ਹਨ । ਜੇਕਰ ਸੁਰੱਖਿਆ ਕਰਨ ਵਾਲੇ ਹੀ ਅਜਿਹੀ ਹਰਕਤ ਕਰਨਗੇ ਤਾਂ ਬਲਕੌਰ ਸਿੰਘ ਦੀ ਸੁਰੱਖਿਆ ਨੂੰ ਲੈਕੇ ਸਵਾਲ ਉਠਣੇ ਲਾਜ਼ਮੀ ਹਨ । ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਬਲਕੌਰ ਸਿੰਘ ਦੇ ਗੰਨਮੈਨ ਨੂੰ ਲੈਕੇ ਵਿਵਾਦ ਹੋਇਆ ਹੋਵੇ । ਡੇਢ ਸਾਲ ਪਹਿਲਾਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ।

12 ਦਸੰਬਰ 2022 ਨੂੰ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ’ਤੇ FIR ਦਰਜ ਕੀਤੀ ਗਈ ਸੀ। ਗੰਨਮੈਨ ਨਵਜੋਤ ਸਿੰਘ ’ਤੇ ਗੋਲ਼ੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਗੰਨਮੈਨ ਨਵਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਮਾਨਸਾ ਦੇ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਗਮ ’ਚ ਗਏ ਸਨ । ਇਸ ਦੌਰਾਨ ਗੋਲ਼ੀ ਚਲਾਈ ਗਈ। ਵਿਆਹ ਸਮਾਗਮ ’ਚ ਗੋਲ਼ੀ ਚੱਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ।

ਗੰਨਮੈਨ ਨਵਜੋਤ ਨੇ ਹਵਾਈ ਫਾਇਰ ਕੀਤਾ, ਉਸ ਤੋਂ ਬਾਅਦ ਫਿਰ ਗੋਲ਼ੀ ਚਲਾਈ ਜੋ ਸਿੱਧੀ ਉਸ ਦੇ ਸਾਥੀ ਗੰਨਮੈਨ ਗੁਰਵਿੰਦਰ ਸਿੰਘ ਦੇ ਪੇਟ ’ਚ ਲੱਗੀ। ਜ਼ਖ਼ਮੀ ਗੰਨਮੈਨ ਗੁਰਵਿੰਦਰ ਸਿੰਘ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ ।

Exit mobile version