ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇਹ ਧਮਕੀ ਈ-ਮੇਲ ਅਤੇ ਮੋਬਾਈਲ ‘ਤੇ ਮੈਸੇਜ ਦੇ ਜ਼ਰੀਏ ਭੇਜੀ ਗਈ ਹੈ । ਉਨ੍ਹਾਂ ਨੂੰ ਕਿਹਾ ਗਿਆ ਹੈ ਤੁਸੀਂ ਵਾਰ-ਵਾਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਰਹੇ ਹੋ ਇਸ ਲਈ ਅਸੀਂ ਤੁਹਾਨੂੰ 25 ਅਪ੍ਰੈਲ ਤੱਕ ਮਾਰ ਦੇਵਾਂਗੇ । ਈ-ਮੇਲ ਵਿੱਚ ਸਲਮਾਨ ਖਾਨ ਦਾ ਵੀ ਨਾਂ ਵੀ ਲਿਖਿਆ ਹੈ ਅਤੇ ਉਸ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਗਿਆ ਹੈ । ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚੱਲੇ ਜਾਣ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਪਿਤਾ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲਿਸ ਨੂੰ ਕੀਤੀ ਹੈ । ਜਿਸ ਤੋਂ ਬਾਅਦ ਪੁਲਿਸ ਹੁਣ ਐਕਸ਼ਨ ਵਿੱਚ ਆ ਗਈ ਹੈ ।
ਰਾਜਸਥਾਨ ਵਿੱਚ ਛਾਪੇਮਾਰੀ
ਮਾਨਸਾ ਪੁਲਿਸ ਨੂੰ ਸ਼ੱਕ ਹੈ ਕਿ ਇਹ ਈ-ਮੇਲ ਰਾਜਸਥਾਨ ਤੋਂ ਭੇਜਿਆ ਗਿਆ ਹੈ ਕਿਉਂਕਿ ਉਹ ਲਾਰੈਂਸ ਬਿਸ਼ਨੋਈ ਦਾ ਗੜ੍ਹ ਹੈ । ਪੁਲਿਸ ਨੇ ਆਪਣੀ ਵੱਖ-ਵੱਖ ਟੀਮਾਂ ਰਾਜਸਥਾਨ ਭੇਜਿਆ ਹਨ। ਸੂਤਰਾਂ ਮੁਤਾਬਿਕ ਪੁਲਿਸ ਦੀ ਇੱਕ ਟੀਮ ਨੇ ਜੋਧਪੁਰ ਵਿੱਚ ਛਾਪੇਮਾਰੀ ਵੀ ਕੀਤੀ ਹੈ । ਇਸ ਤੋਂ ਪਹਿਲਾਂ ਵੀ ਮੂਸੇਵਾਲਾ ਦੇ ਪਿਤਾ ਨੂੰ ਲਾਰੈਂਸ ਅਤੇ ਗੋਲਡੀ ਬਰਾੜ ਦਾ ਨਾਂ ਲਏ ਜਾਣ ਦੀ ਵਜ੍ਹਾ ਕਰਕੇ ਧਮਕੀ ਮਿਲ ਚੁੱਕੀ ਹੈ । ਇਸੇ ਲਈ ਪੰਜਾਬ ਪੁਲਿਸ ਨੇ ਡੇਢ ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਚਾਰੋ ਪਾਸੇ ਤੋਂ ਬੈਰੀਕੇਟਿੰਗ ਕਰ ਦਿੱਤੀ ਸੀ ਅਤੇ ਪਿੰਡ ਆਉਣ ਜਾਣ ਵਾਲੇ ਰਸਤਿਆਂ ‘ਤੇ ਵੀ ਪੁਲਿਸ ਦਾ ਸਖ਼ਤ ਪੈਰਾ ਲਗਾਇਆ ਗਿਆ ਸੀ। ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਗੈਂਗਵਾਰ ਵੱਧ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਇਸ ਧਮਕੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ । ਖਾਸ ਕਰਕੇ ਉਦੋਂ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਦੀ ਇਸੇ ਮਹੀਨੇ ਬਰਸੀ ਦੌਰਾਨ ਵੱਡਾ ਸਮਾਗਮ ਕਰਨ ਦਾ ਐਲਾਨ ਕੀਤਾ ਹੈ ।
19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੀ ਬਰਸੀ ਦੀ ਤਰੀਕ ਤੈਅ ਕਰ ਦਿੱਤੀ ਹੈ । ਰਸਤੀ ਤੌਰ ‘ਤੇ ਪਿਤਾ ਐਤਵਾਰ ਯਾਨੀ 5 ਮਾਰਚ ਨੂੰ ਇਸ ਦਾ ਐਲਾਨ ਕਰਨਗੇ । ਦੱਸਿਆ ਜਾ ਰਿਹਾ ਹੈ ਕਿ 19 ਮਾਰਚ ਨੂੰ ਬਰਸੀ ਹੋਵੇਗੀ ਜਿਸ ਤੋਂ ਪਹਿਲਾਂ 11 ਮਾਰਚ ਨੂੰ ਪਾਠ ਰੱਖਿਆ ਜਾਵੇਗਾ । ਮਾਨਸਾ ਦੀ ਦਾਣਾ ਮੰਡੀ ਵਿੱਚ ਵੱਡਾ ਸਮਾਗਮ ਹੋਵੇਗਾ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । 19 ਫਰਵਰੀ ਨੂੰ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਪੁੱਤਰ ਨੂੰ ਵਿਦਾਈ ਦੇਣ ਦਾ ਅਤੇ ਉਹ ਜਲਦ ਹੀ ਤਰੀਕ ਦਾ ਐਲਾਨ ਕਰਨਗੇ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਗੋਲੀਆਂ ਵਾਲੀ ਥਾਰ ਜੀਪ ਲੈਕੇ ਉਹ ਹੁਣ ਪੂਰੇ ਪੰਜਾਬ ਵਿੱਚ ਨਿਕਲਣਗੇ ਤਾਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਰਕਾਰ ਨੇ ਹੁਣ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਹੈ ।
ਸਲਮਾਨ ਖਾਨ ਇਸ ਲਈ ਲਾਰੈਂਸ ਦੇ ਨਿਸ਼ਾਨੇ ‘ਤੇ
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਧਮਕੀ ਦੇ ਚੁੱਕਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਸਲਮਾਨ ਨੂੰ ਮਾਰਨ ਦੇ ਲਈ ਉਸ ਨੇ ਮੁੰਬਈ ਇੱਕ ਗੈਂਗਸਟਰ ਵੀ ਭੇਜਿਆ ਸੀ ਅਤੇ ਉਸ ਨੂੰ ਆਟੋਮੈਟਿਕ ਬੰਦੂਕ ਵੀ ਲੈਕੇ ਦਿੱਤੀ ਸੀ ਪਰ ਉਹ ਪਹਿਲਾਂ ਹੀ ਫੜਿਆ ਗਿਆ ।