The Khalas Tv Blog Punjab ਅਕਾਲੀ ਦਲ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਲੈ ਕੇ ਦੁਚਿੱਤੀ ‘ਚ
Punjab

ਅਕਾਲੀ ਦਲ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਲੈ ਕੇ ਦੁਚਿੱਤੀ ‘ਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵਿਸ਼ੇਸ਼ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਨੂੰ ਲੈ ਕੇ ਸਾਫ਼ ਤੌਰ ਉੱਤੇ ਦੁਚਿੱਤੀ ਵਿੱਚ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਇੱਕ ਪਾਸੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਨੂੰ ਬਦਲਣ ਦਾ ਕੋਈ ਵਿਚਾਰ ਨਹੀਂ ਹੈ। ਦੂਜੇ ਪਾਸੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਦੇ ਮੰਥਨ ਲਈ ਗਠਿਤ 13 ਮੈਂਬਰੀ ਕਮੇਟੀ ਦੀ ਰਿਪੋਰਟ ਵਿੱਚ ਪ੍ਰਧਾਨ ਬਦਲਣ ਦੀ ਮੰਗ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ। ਉਂਝ, ਉਨ੍ਹਾਂ ਨੇ ਕਿਹਾ ਕਿ ਜੰਗ ਵੇਲੇ ਜਰਨੈਲ ਬਦਲੇ ਨਹੀਂ ਜਾਂਦੇ। ਉਨ੍ਹਾਂ ਨੇ ਪਾਰਟੀ ਦੇ ਲੀਡਰਾਂ ਨੂੰ ਪ੍ਰਧਾਨ ਨੂੰ ਬਦਲਣ ਬਾਰੇ ਆਪਣੀ ਨਿੱਜੀ ਰਾਏ ਦੇਣ ਤੋਂ ਗੁਰੇਜ਼ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।

ਭੂੰਦੜ ਜਿਹੜੇ ਕਿ ਸੰਗਰੂਰ ਵਿਧਾਨ ਸਭਾ ਦੇ ਨਤੀਜਿਆਂ ਨੂੰ ਲੈ ਕੇ ਪਾਰਟੀ ਦਾ ਪੱਖ ਦੱਸਣ ਲਈ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਾਈ ਜਾਰੀ ਰਹੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਉੱਤੇ ਬੀਬੀ ਕਮਲਦੀਪ ਕੌਰ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਸੀ ਅਤੇ ਪੰਥਕ ਚੋਣ ਨਿਸ਼ਾਨ ਤਕੜੀ ਉੱਤੇ ਲੜਨ ਦੀ ਸਹਿਮਤੀ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਥਕ ਹੈ ਅਤੇ ਤਕੜੀ ਚੋਣ ਨਿਸ਼ਾਨ ਵੀ ਪੰਥ ਦਾ ਪ੍ਰਤੀਕ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲੇ ਪ੍ਰੋਗਰਾਮ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਦੂਜੀਆਂ ਪੰਥਕ ਪਾਰਟੀਆਂ ਨਾਲ ਰਲ ਕੇ ਲਿਆ ਜਾਵੇਗਾ। ਸੰਗਰੂਰ ਵਿੱਚ ਅਕਾਲੀ ਦਲ ਦੇ ਫਾਡੀ ਰਹਿਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਇਸ ਤੋਂ ਵੀ ਵੱਡੇ ਸੰਕਟ ਵਿੱਚੋਂ ਦੀ ਲੰਘਦਾ ਰਿਹਾ ਹੈ ਅਤੇ ਹੁਣ ਵਾਲਾ ਸੰਕਟ ਵੀ ਟਲ ਜਾਵੇਗਾ।

ਪਾਰਟੀ ਪ੍ਰਧਾਨ ਵਿੱਚ ਤਬਦੀਲੀ ਬਾਰੇ ਵਾਰ ਵਾਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਮੁੜ ਦੁਹਰਾਇਆ ਕਿ 13 ਮੈਂਬਰੀ ਕਮੇਟੀ ਦੀ ਰਿਪੋਰਟ ਖੋਲ੍ਹਣ ਉੱਤੇ ਪਾਰਟੀ ਲੀਡਰਸ਼ਿਪ ਦੀ ਮੰਗ ਸਾਹਮਣੇ ਆਈ ਤਾਂ ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਾਦਲ ਸ਼ਬਦ ਹਟਾ ਕੇ ਮੀਡੀਆ ਨੂੰ ਖ਼ਬਰਾਂ ਲਿਖਣ ਦੀ ਅਪੀਲ ਵਾਰ ਵਾਰ ਦੁਹਰਾਉਂਦਿਆਂ ਕਿਹਾ ਕਿ ਦਲ ਦਾ ਪ੍ਰਧਾਨ ਲੋਕਾਂ ਦੇ ਦਿਲਾਂ ਵਿੱਚੋਂ ਨਿਕਲਦਾ ਹੈ। ਇਸੇ ਤਰ੍ਹਾਂ ਬਾਦਲਾਂ ਦੀ ਜੇਬ ਵਿੱਚੋਂ SGPC ਪ੍ਰਧਾਨ ਦੇ ਨਾਂ ਬਾਰੇ ਚਰਚਾ ਨਿਰਮੂਲ ਹੈ। ਉਨ੍ਹਾਂ ਨੇ ਵਾਰ ਵਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਨੂੰ ਅਪੀਲ ਦੁਹਰਾਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਪਿਛਲੇ ਸਮੇਂ ਤੋਂ ਉੱਠ ਰਹੀ ਹੈ ਪਰ ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਾਰਟੀ ਦੇ ਕਈ ਨੇਤਾ ਖੁੱਲ੍ਹਮ-ਖੁੱਲ੍ਹਾ ਬਿਆਨ ਦੇਣ ਲੱਗੇ ਹਨ। ਅੱਜ ਸਵੇਰ ਤੋਂ ਹੀ ਸੁਖਬੀਰ ਬਾਦਲ ਵੱਲੋਂ ਅਸਤੀਫ਼ਾ ਦੇਣ ਅਤੇ ਸਕੱਤਰ ਜਨਰਲ ਭੂੰਦੜ ਨੂੰ ਪ੍ਰਧਾਨਗੀ ਦੇਣ ਬਾਰੇ ਚਰਚਾ ਚੱਲ ਰਹੀ ਸੀ।

Exit mobile version