The Khalas Tv Blog Punjab ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਜਾ ਰਹੀ ਖੇਡ ਅਕੈਡਮੀ ਲਈ ਲੜਕੀਆਂ ਦੀ ਚੋਣ ਸ਼ੁਰੂ
Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਜਾ ਰਹੀ ਖੇਡ ਅਕੈਡਮੀ ਲਈ ਲੜਕੀਆਂ ਦੀ ਚੋਣ ਸ਼ੁਰੂ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ 2 ਦਿਨਾਂ ਖੇਡ ਟਰਾਇਲਾਂ ਦੀ ਕੱਲ੍ਹ ਪੀ.ਏ.ਪੀ. ਗਰਾਊਂਡ ਜਲੰਧਰ ਵਿਖੇ ਸ਼ੁਰੂਆਤ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਦਾ ਉਦਘਾਟਨ ਕੀਤਾ। ਬੀਬੀ ਜਗੀਰ ਕੌਰ ਨੇ ਲੜਕੀਆਂ ਲਈ ਵੱਖਰਾ ਸਪੋਰਟਸ ਡਾਇਰੈਕਟੋਰੇਟ ਸਥਾਪਤ ਕਰਦਿਆਂ ਖੇਡ ਅਕੈਡਮੀ ਚਲਾਉਣ ਦਾ ਐਲਾਨ ਕੀਤਾ ਸੀ। ਇਸੇ ਤਹਿਤ ਹੀ ਕੱਲ੍ਹ ਲਏ ਗਏ ਟਰਾਇਲਾਂ ਸਮੇਂ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਸ਼ਮੂਲੀਅਤ ਕੀਤੀ।

ਅਕੈਡਮੀ ਵਿੱਚ ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਲਈ ਟਰਾਇਲ ਦੇਣ ਪਹੁੰਚੀਆਂ ਲੜਕੀਆਂ ਵਿੱਚ ਭਾਰੀ ਉਤਸ਼ਾਹ ਸੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਲੜਕੀਆਂ ਆਪਣੀ ਕਾਬਲੀਅਤ ਕਰਕੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਗੁਰੂ ਸਾਹਿਬਾਨ ਨੇ ਔਰਤਾਂ ਨੂੰ ਮਹਾਨ ਦਰਜਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਹਰ ਸਾਲ ਸਕੂਲਾਂ ਕਾਲਜਾਂ ਦੀਆਂ ਖ਼ਾਲਸਈ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਹੁਣ ਲੜਕੀਆਂ ਲਈ ਵੱਖਰਾ ਡਾਇਰੈਕਟੋਰੇਟ ਸਥਾਪਤ ਕਰਕੇ ਖੇਡ ਅਕੈਡਮੀ ਬਣਾਈ ਜਾ ਰਹੀ ਹੈ, ਤਾਂ ਜੋ ਹੁਨਰਮੰਦ ਲੜਕੀਆਂ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧ ਸਕਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਲੜਕੀਆਂ ਦੀ ਖੇਡ ਅਕੈਡਮੀ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਚੰਗੇ ਕੋਚਾਂ ਦੁਆਰਾ ਖੇਡ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕੈਡਮੀ ਲਈ ਸਲਾਹਕਾਰ ਵਜੋਂ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

Exit mobile version