The Khalas Tv Blog India ਸ੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ
India Punjab

ਸ੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ

‘ਦ ਖ਼ਾਲਸ ਬਿਊਰੋ : ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਵੱਲੋਂ ‘ਸਿੱਖਾਂ ਦੇ 12 ਵਜੇ’  ਵਾਲੀ ਕੀਤੀ ਟਿੱਪਣੀ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਹੈ। ਸਾਬਕਾ ਆਈਪੀਐਸ ਅਧਿਕਾਰੀ ਵੱਲੋਂ ਕੀਤੀ ਟਿੱਪਣੀ ’ਤੇ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਨਿਖੇਧੀ ਕੀਤੀ ਹੈ।

ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ 

ਉਨ੍ਹਾਂ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਅਬਦਾਲੀ ਦੇ ਰਾਜ ਵਿੱਚ ਔਰਤਾਂ ਨੂੰ ਬਚਾਉਣ ਲਈ ਤੇ ਧਾੜਵੀਆਂ ਨੂੰ ਰੋਕਣ ਲਈ ਕੀ ਕੁਝ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਧਾੜਵੀ ਭਾਰਤ ’ਤੇ ਹਮਲਾ ਕਰ ਕੇ ਇੱਥੋਂ ਦਾ ਕੀਮਤੀ ਸਾਮਾਨ ਤੇ ਔਰਤਾਂ ਨੂੰ ਬਾਜ਼ਾਰਾਂ ਵਿੱਚ ਵੇਚਣ ਲਈ ਲੈ ਜਾਂਦੇ ਸਨ ਤਾਂ ਲੋਕਾਂ ਦੀ ਰਖਵਾਲੀ ਲਈ ਸਦਾ ਤੱਤਪਰ ਰਹਿਣ ਵਾਲੇ ਸਿੰਘ ਰਾਤ 12 ਵਜੇ ਧਾੜਵੀਆਂ ’ਤੇ ਹਮਲਾ ਕਰ ਕੇ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਘਰਾਂ ਵਿੱਚ ਪਹੁੰਚਾਉਂਦੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਧਾਮੀ ਨੇ ਕਿਹਾ ਕਿ ਕਿਰਨ ਬੇਦੀ ਪੰਜਾਬ ਦੀ ਜੰਮਪਲ ਹੈ ਤੇ ਉਸ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪਰ ਉਸ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀ ਟਿੱਪਣੀ ਹੈਰਾਨੀਜਨਕ ਤੇ ਸ਼ਰਮਨਾਕ ਹੈ, ਇਸ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।

Exit mobile version