The Khalas Tv Blog Punjab ‘ਐਡਵੋਕੇਟ ਧਾਮੀ ਵਿਰੁੱਧ ਕੁਝ SGPC ਮੈਂਬਰਾਂ ਵੱਲੋਂ ਬੇਤੁਕੀ ਬਿਆਨਬਾਜ਼ੀ ਸਿਆਸਤ ਤੋਂ ਪ੍ਰੇਰਤ!’
Punjab Religion

‘ਐਡਵੋਕੇਟ ਧਾਮੀ ਵਿਰੁੱਧ ਕੁਝ SGPC ਮੈਂਬਰਾਂ ਵੱਲੋਂ ਬੇਤੁਕੀ ਬਿਆਨਬਾਜ਼ੀ ਸਿਆਸਤ ਤੋਂ ਪ੍ਰੇਰਤ!’

ਬਿਉਰੋ ਰਿਪੋਰਟ (ਅੰਮ੍ਰਿਤਸਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਿੰਘ ਸਾਹਿਬਾਨ ਨਾਲ ਮਿਲਣ ਨੂੰ ਲੈ ਕੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਬੇਲੋੜਾ ਵਿਵਾਦ ਪੈਦਾ ਕੀਤੇ ਜਾਣ ‘ਤੇ ਸਖਤ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇਦਾਰਾਂ ਨੇ ਕਿਹਾ ਕਿ ਇਹ ਲੋਕ ਸਿਆਸੀ ਬਦਲਾਖੋਰੀ ਲਈ ਸਿੱਖ ਸੰਸਥਾਵਾਂ ਦੇ ਮੁਖੀਆਂ ਖਿਲਾਫ਼ ਮਹੌਲ ਬਣਾ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਅਜਿਹੇ ਲੋਕ ਖੁਦ ਪੰਥ ਨੂੰ ਢਾਹ ਲਗਾਉਣ ਵਿਚ ਮੋਹਰੀ ਹਨ।

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸੇਰ ਸਿੰਘ ਮੰਡਵਾਲਾ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਥੇਦਾਰ ਸਾਹਿਬਾਨ ਨਾਲ ਮਿਲਣਾ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ। ਪੰਥਕ ਆਗੂਆਂ ਦੀ ਮੁਲਾਕਾਤ ਕਿਸੇ ਨੂੰ ਪੁੱਛ ਕੇ ਜਾਂ ਪ੍ਰਵਾਨਗੀ ਲੈ ਕੇ ਨਹੀਂ, ਸਗੋਂ ਕਿਸੇ ਸਮੇਂ ਅਤੇ ਕਿਤੇ ਵੀ ਹੋ ਸਕਦੀ ਹੈ।

ਸ਼੍ਰੋਮਣੀ ਕਮੇਟੀ ਆਗੂਆਂ ਨੇ ਕਿਹਾ ਕਿ ਇਹ ਲੋਕ ਕੇਵਲ ਸਿਆਸੀ ਮੁਫਾਦਾਂ ਲਈ ਅਜਿਹੀ ਬੇਬੁਨਿਆਦ ਬਿਆਨਬਾਜ਼ੀ ਕਰਕੇ ਸਿੱਖ ਸੰਗਤਾਂ ਅੰਦਰ ਭੰਬਲਭੂਸਾ ਪੈਦਾ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਹੁੰਦਿਆਂ ਇਹ ਆਪੋ-ਆਪਣੇ ਹਲਕੇ ਅੰਦਰ ਸਿੱਖੀ ਪ੍ਰਚਾਰ ਕਰਨ ਦੀ ਥਾਂ ਪਹਿਲਾਂ ਤੋਂ ਹੀ ਬਣੇ ਬਣਾਏ ਰਾਜਸੀ ਵਿਚਾਰ ਨੂੰ ਅੱਗੇ ਵਧਾਉਣ ਦੀ ਚਾਲ ਵਿਚ ਇੱਕ ਮੋਹਰਾ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਪੂਰਾ ਸਿੱਖ ਜਗਤ ਜਾਣਦਾ ਹੈ ਸ਼੍ਰੋਮਣੀ ਕਮੇਟੀ ਦੀ ਸਲਾਨਾ ਚੋਣ ਸਮੇਂ ਇਨ੍ਹਾਂ ਉਗਲਾਂ ‘ਤੇ ਗਿਣੇ ਜਾਣ ਵਾਲੇ ਮੈਂਬਰਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਥ ਦੀ ਹਰਮਨ ਪਿਆਰੀ ਸ਼ਖਸੀਅਤ ਵਜੋਂ ਉਭਰੇ ਸਨ। ਹਾਊਸ ਦੇ ਮੈਂਬਰਾਂ ਨੇ ਭਾਰੀ ਬਹੁਮਤ ਨਾਲ ਐਡਵੋਕੇਟ ਧਾਮੀ ਨੂੰ ਜਿਤਾ ਕੇ ਇਨ੍ਹਾਂ ਲੋਕਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ, ਜਿਸ ਕਾਰਨ ਬੁਖਲਾਹਟ ਵਿੱਚ ਆਏ ਇਹ ਲਗਾਤਾਰ ਬੇਤੁਕੀ ਤੇ ਬੇਅਰਥ ਬਿਆਨਬਾਜ਼ੀ ਕਰ ਰਹੇ ਹਨ।

ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਣੇ ਅਧਿਕਾਰ ਖੇਤਰ ਅਤੇ ਮਰਿਆਦਾ ਨੂੰ ਬਾਖੂਬੀ ਜਾਣਦੇ ਹਨ। ਇਸ ਲਈ ਇਹ ਲੋਕ ਸਿੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਬਾਰੇ ਬੇਲੋੜੇ ਵਿਵਾਦ ਪੈਦਾ ਕਰਨ ਅਤੇ ਬੇਤੁਕੀ ਬਿਆਨਬਾਜੀ ਤੋਂ ਬਾਜ ਆਉਣ।

ਸਬੰਧਿਤ ਖ਼ਬਰ, ਜਾਣੋ ਪੂਰਾ ਮਾਮਲਾ –
ਧਾਮੀ ਨੂੰ ਲਾਂਭੇ ਕਰਨ ਦੀ ਉੱਠੀ ਮੰਗ! ਐਸਜੀਪੀਸੀ ਮੈਂਬਰਾਂ ਸਿੱਖ ਸੰਗਤਾਂ ਨੂੰ ਵੀ ਕੀਤੀ ਖ਼ਾਸ ਅਪੀਲ
Exit mobile version