ਬਿਊਰੋ ਰਿਪੋਰਟ (ਚੰਡੀਗੜ੍ਹ, 12 ਦਸੰਬਰ 2025): ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਸਬੰਧੀ ਦਿੱਤੇ ਗਏ ਵਿਵਾਦਤ ਬਿਆਨ “ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ, ਇਹ ਬੱਝਦੀਆਂ ਵੀ ਨੇ ਤੇ ਲੱਥਦੀਆਂ ਵੀ ਨੇ” ’ਤੇ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਜਵਾਬ ਦਿੱਤਾ ਹੈ। ਅਕਾਲੀ ਦਲ ਨੇ ਇਸ ਬਿਆਨ ਨੂੰ ਦਸਤਾਰ ਦਾ ਅਪਮਾਨ ਕਰਾਰ ਦਿੰਦਿਆਂ ਵਿਧਾਇਕ ਤੋਂ ਤੁਰੰਤ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਿਆਨ ਵਿੱਚ ਕਿਹਾ:
- ਦਸਤਾਰ ਹਰ ਸਿੱਖ ਦੇ ਸਿਰ ਦਾ ਤਾਜ ਹੈ।
- ਦਸਤਾਰ ਕੋਈ ਕੰਧ ’ਤੇ ਕਿੱਲ ਨਾਲ ਟੰਗਣ ਵਾਲੀ ਤਸਵੀਰ ਜਾਂ ਸ਼ੋਅ ਪੀਸ ਨਹੀਂ ਹੈ।
- ਇਹ ਸਾਡੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਇਹ ਬਖ਼ਸ਼ਿਸ਼ ਸਾਨੂੰ ਦਿੱਤੀ।
- ਸਿੱਖਾਂ ਨੇ, ਸਿੰਘਾਂ ਨੇ, ਖੋਪੜੀਆਂ ਲੁਹਾ ਲਈਆਂ ਸਨ, ਪਰ ਸਿੱਖੀ ਨਹੀਂ ਛੱਡੀ।
ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਅੱਜ ਸੱਤਾ ਦਾ ਹੰਕਾਰ ਇੰਨਾ ਚੜ੍ਹ ਚੁੱਕਾ ਹੈ ਕਿ ਵਿਧਾਇਕ ਦਸਤਾਰਾਂ ਨੂੰ ਪੈਰਾਂ ਵਿੱਚ ਰੋਲ ਕੇ ਸਿੱਖੀ ਦਾ ਮਜ਼ਾਕ ਬਣਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਕਿ ਉਹ ‘ਆਪ’ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਦਾ ਅਪਮਾਨ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਵਿਧਾਇਕ ਤੁਰੰਤ ਸਿੱਖ ਕੌਮ ਤੋਂ ਮੁਆਫ਼ੀ ਮੰਗੇ।
Shiromani Akali Dal Demands Immediate Apology from AAP MLA Gurdeep Randhawa for ‘Insulting Sikh Turban’

