The Khalas Tv Blog International ਪਾਕਿਸਤਾਨ ‘ਚ ਸ਼ੀਆ-ਸੁੰਨੀ ਵਿਚਾਲੇ ਟਕਰਾਅ: 6 ਦਿਨਾਂ ‘ਚ 49 ਦੀ ਮੌਤ, 200 ਤੋਂ ਵੱਧ ਜ਼ਖਮੀ
International

ਪਾਕਿਸਤਾਨ ‘ਚ ਸ਼ੀਆ-ਸੁੰਨੀ ਵਿਚਾਲੇ ਟਕਰਾਅ: 6 ਦਿਨਾਂ ‘ਚ 49 ਦੀ ਮੌਤ, 200 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲੇ ‘ਚ ਸ਼ੀਆ ਅਤੇ ਸੁੰਨੀ ਭਾਈਚਾਰਿਆਂ ਵਿਚਾਲੇ ਜ਼ਮੀਨੀ ਵਿਵਾਦ ‘ਚ 49 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਇਸ ਝਗੜੇ ਦੀ ਜੜ੍ਹ 30 ਏਕੜ ਜ਼ਮੀਨ ਹੈ। ਕੁਰੱਮ ਜ਼ਿਲ੍ਹੇ ਦੇ ਪਿੰਡ ਬੁਸ਼ਹਿਰਾ ਵਿੱਚ ਦੋ ਕਬੀਲਿਆਂ ਵਿੱਚ ਮਾਲਕੀ ਹੱਕ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਇਹ ਲੜਾਈ ਪਿਛਲੇ ਹਫਤੇ ਬੁੱਧਵਾਰ ਨੂੰ ਦੋ ਪਰਿਵਾਰਾਂ ਵਿਚਾਲੇ ਸ਼ੁਰੂ ਹੋਈ ਸੀ ਜੋ ਜਲਦੀ ਹੀ ਦੋ ਕਬੀਲਿਆਂ ਵਿਚਾਲੇ ਫੈਲ ਗਈ। ਹੁਣ ਇਸ ਨੂੰ ਲੈ ਕੇ ਪੂਰੇ ਜ਼ਿਲ੍ਹੇ ਵਿੱਚ ਤਣਾਅ ਬਣਿਆ ਹੋਇਆ ਹੈ।

ਪਾਕਿਸਤਾਨੀ ਟੀਵੀ ਚੈਨਲ ਸਾਮਾ ਨਿਊਜ਼ ਮੁਤਾਬਕ ਸੁੰਨੀ ਭਾਈਚਾਰੇ ਨੂੰ ਸਰਹੱਦ ਪਾਰੋਂ ਅਫਗਾਨ ਕਬੀਲਿਆਂ ਦਾ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਉਹ ਹਾਵੀ ਹੋ ਰਹੇ ਹਨ।

ਦੋ ਪਰਿਵਾਰਾਂ ਵਿੱਚ ਸ਼ੁਰੂ ਹੋਈ ਲੜਾਈ ਪੂਰੇ ਜ਼ਿਲ੍ਹੇ ਵਿੱਚ ਫੈਲੀ

ਕੁਰੱਮ ਦੇ ਡਿਪਟੀ ਕਮਿਸ਼ਨਰ ਜਾਵੇਦੁੱਲਾ ਮੇਸ਼ੁਦ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੋ ਭਾਈਚਾਰਿਆਂ ਵਿਚਾਲੇ ਇਹ ਲੜਾਈ 6 ਦਿਨਾਂ ਤੋਂ ਚੱਲ ਰਹੀ ਹੈ। ਉਸ ਨੇ ਅਧਿਕਾਰੀਆਂ ਨਾਲ ਮਿਲ ਕੇ ਕਬਾਇਲੀ ਭਾਈਚਾਰੇ ਦੇ ਬਜ਼ੁਰਗਾਂ ਜਿਰਗਾ ਅਤੇ ਹੋਰਾਂ ਦੀ ਮਦਦ ਨਾਲ ਦੋਵਾਂ ਭਾਈਚਾਰਿਆਂ ਵਿਚਕਾਰ ਸਮਝੌਤਾ ਕਰਵਾ ਲਿਆ ਹੈ ਪਰ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿਚ ਅਜੇ ਵੀ ਗੋਲੀਬਾਰੀ ਦੀਆਂ ਖ਼ਬਰਾਂ ਹਨ।

ਸਥਾਨਕ ਪੁਲਿਸ ਅਧਿਕਾਰੀ ਮੁਰਤਜ਼ਾ ਹੁਸੈਨ ਨੇ ਪਾਕਿਸਤਾਨੀ ਅਖਬਾਰ ਡਾਨ ਨੂੰ ਦੱਸਿਆ ਕਿ ਸੁੰਨੀ ਮਿਦਗੀ ਅਤੇ ਸ਼ੀਆ ਮਲੀਖੇਲ ਭਾਈਚਾਰਿਆਂ ਵਿਚਕਾਰ ਝਗੜਾ 2007 ਵਿੱਚ ਸ਼ੁਰੂ ਹੋਇਆ ਸੀ। ਉਦੋਂ ਵੀ ਹਿੰਸਾ ਦੀਆਂ ਘਟਨਾਵਾਂ ਹੋਈਆਂ ਸਨ। ਪਿਛਲੇ ਸਾਲ ਜੁਲਾਈ ਵਿੱਚ ਵੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਸ਼ੀਆ ਅਤੇ ਸੁੰਨੀ ਭਾਈਚਾਰਿਆਂ ਵਿੱਚ ਲੜਾਈ ਹੋਈ ਸੀ। ਇਸ ਵਿੱਚ ਕਈ ਲੋਕ ਮਾਰੇ ਗਏ ਸਨ।

ਪਿਛਲੇ ਸਾਲ ਖਤਮ ਹੋਇਆ ਵਿਵਾਦ ਫਿਰ ਸ਼ੁਰੂ ਹੋਇਆ

ਪਿਛਲੇ ਸਾਲ ਦੋਵਾਂ ਧਿਰਾਂ ਵਿਚਾਲੇ ਲੜਾਈ ਰੁਕਣ ਤੋਂ ਬਾਅਦ ਦੋਵਾਂ ਵਿਚਾਲੇ ਸਮਝੌਤਾ ਹੋਇਆ ਸੀ। ਇਹ ਤੈਅ ਹੋਇਆ ਕਿ ਇਹ ਜ਼ਮੀਨ ਕਿਸ ਦੀ ਹੈ, ਸਰਕਾਰ ਤੈਅ ਕਰੇਗੀ। ਦੋਵਾਂ ਧਿਰਾਂ ਨੂੰ ਜ਼ਮੀਨੀ ਵਿਵਾਦਾਂ ਨੂੰ ਸੁਲਝਾਉਣ ਵਾਲੇ ਭੂਮੀ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਇਸ ਤੋਂ ਬਾਅਦ ਕਮਿਸ਼ਨ ਨੇ ਆਪਣਾ ਫੈਸਲਾ ਸੁਣਾਉਂਦਿਆਂ ਇਹ ਜ਼ਮੀਨ ਸ਼ੀਆ ਭਾਈਚਾਰੇ ਨੂੰ ਦੇ ਦਿੱਤੀ। ਪਰ ਇੱਕ ਸਾਲ ਬਾਅਦ ਇਸ ਨੂੰ ਲੈ ਕੇ ਵਿਵਾਦ ਫਿਰ ਸ਼ੁਰੂ ਹੋ ਗਿਆ। ਬੁੱਧਵਾਰ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਦੋਹਾਂ ਭਾਈਚਾਰਿਆਂ ਵਿਚਾਲੇ ਖੂਨੀ ਟਕਰਾਅ ਸ਼ੁਰੂ ਹੋ ਗਿਆ।

ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਨੇ ਕਈ ਵਿਵਾਦ, ਜਿਨ੍ਹਾਂ ਦਾ ਹੱਲ ਅੱਜ ਤੱਕ ਨਹੀਂ ਲੱਭਿਆ ਗਿਆ

ਸਮਾ ਚੈਨਲ ਦੀ ਰਿਪੋਰਟ ਅਨੁਸਾਰ ਇਸ ਵੇਲੇ ਕੁਰੱਮ ਵਿੱਚ ਅੱਠ ਵੱਡੇ ਟਕਰਾਅ ਚੱਲ ਰਹੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਹਨ। ਇਹ ਸਾਰੇ ਮਾਮਲੇ ਜ਼ਮੀਨ ਨਾਲ ਸਬੰਧਤ ਹਨ। ਜ਼ਮੀਨੀ ਸੁਧਾਰਾਂ ਦੀ ਘਾਟ ਕਾਰਨ ਇਹ ਵਿਵਾਦ ਹੁਣ ਤੱਕ ਜਾਰੀ ਹੈ। ਜਦੋਂ ਵੀ ਉਨ੍ਹਾਂ ਵਿਚਕਾਰ ਝਗੜਾ ਸ਼ੁਰੂ ਹੁੰਦਾ ਹੈ, ਇਹ ਕਬੀਲੇ ਦੀ ਲੜਾਈ ਤੋਂ ਫਿਰਕੂ ਲੜਾਈ ਵਿਚ ਬਦਲ ਜਾਂਦਾ ਹੈ।

Exit mobile version