The Khalas Tv Blog India ‘ਨਿੱਕੇ ਸਿਪਾਹੀ’ ਸਰਵਣ ਸਿੰਘ ਨੂੰ ਰਾਸ਼ਟਰਪਤੀ ਵੱਲੋਂ ‘ਰਾਸ਼ਟਰੀ ਬਾਲ ਪੁਰਸਕਾਰ’
India Punjab

‘ਨਿੱਕੇ ਸਿਪਾਹੀ’ ਸਰਵਣ ਸਿੰਘ ਨੂੰ ਰਾਸ਼ਟਰਪਤੀ ਵੱਲੋਂ ‘ਰਾਸ਼ਟਰੀ ਬਾਲ ਪੁਰਸਕਾਰ’

ਬਿਊਰੋ ਰਿਪੋਰਟ (ਨਵੀਂ ਦਿੱਲੀ, 26 ਦਸੰਬਰ 2025): ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਾਰਾ ਵਾਲੀ ਦੇ ਰਹਿਣ ਵਾਲੇ ਬਾਲ ਨਾਇਕ ਸ਼ਰਵਣ ਸਿੰਘ ਨੂੰ ਉਸ ਦੀ ਬਹਾਦਰੀ ਲਈ ਅੱਜ ਦੇਸ਼ ਦੇ ਸਰਵਉੱਚ ਬਾਲ ਸਨਮਾਨ ਨਾਲ ਨਿਵਾਜਿਆ ਗਿਆ। ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਰਵਣ ਸਿੰਘ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਪ੍ਰਦਾਨ ਕੀਤਾ।

ਜੰਗੀ ਹਾਲਾਤਾਂ ਵਿੱਚ ਦਿਖਾਈ ਸੀ ਦਲੇਰੀ ਸ਼ਰਵਣ ਸਿੰਘ ਨੂੰ ਇਹ ਸਨਮਾਨ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਭਾਰਤੀ ਸੈਨਿਕਾਂ ਦੀ ਨਿਰਸਵਾਰਥ ਸੇਵਾ ਕਰਨ ਲਈ ਦਿੱਤਾ ਗਿਆ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਜਦੋਂ ਤਣਾਅ ਸਿਖਰਾਂ ’ਤੇ ਸੀ ਅਤੇ ਦੁਸ਼ਮਣ ਦੇ ਡਰੋਨਾਂ ਤੇ ਗੋਲੀਬਾਰੀ ਦਾ ਖ਼ਤਰਾ ਬਣਿਆ ਹੋਇਆ ਸੀ, ਤਾਂ ਸ਼ਰਵਣ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਗਲੀਆਂ ਚੌਕੀਆਂ ’ਤੇ ਤਾਇਨਾਤ ਫੌਜੀਆਂ ਤੱਕ ਦੁੱਧ, ਪਾਣੀ, ਲੱਸੀ ਅਤੇ ਬਰਫ਼ ਵਰਗੀਆਂ ਜ਼ਰੂਰੀ ਵਸਤੂਆਂ ਪਹੁੰਚਾਈਆਂ। ਉਸ ਦੇ ਇਸ ਹੌਸਲੇ ਨੇ ਮੁਸ਼ਕਲ ਸਮੇਂ ਵਿੱਚ ਸੈਨਿਕਾਂ ਦਾ ਮਨੋਬਲ ਉੱਚਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਰਤੀ ਫੌਜ ਨੇ ਵੀ ਦਿੱਤਾ ਹੈ ਮਾਣ ਸ਼ਰਵਣ ਦੀ ਇਸ ਦੇਸ਼ ਭਗਤੀ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਸੈਨਿਕ ਅਧਿਕਾਰੀਆਂ ਨੇ ਪਹਿਲਾਂ ਵੀ ਉਸ ਦਾ ਸਨਮਾਨ ਕੀਤਾ ਸੀ। ਪੱਛਮੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਸੀ। ਜ਼ਿਕਰਯੋਗ ਹੈ ਕਿ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਰਵਣ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਹੈ, ਤਾਂ ਜੋ ਇਹ ਹੋਣਹਾਰ ਬੱਚਾ ਆਪਣਾ ਭਵਿੱਖ ਸੰਵਾਰ ਸਕੇ।

 

Exit mobile version