The Khalas Tv Blog India ਪੰਜਾਬ ਦੀ ਇਸ ਧੀ ਦੇ ਹਿੱਸੇ ਆਈ ਵੱਡੀ ਉਪਲਬਧੀ, ਭਾਰਤੀ ਹਵਾਈ ਸੈਨਾ ਦੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਮਹਿਲਾ ਪਹੁੰਚੀ ਇਸ ਮੁਕਾਮ ‘ਤੇ
India Punjab

ਪੰਜਾਬ ਦੀ ਇਸ ਧੀ ਦੇ ਹਿੱਸੇ ਆਈ ਵੱਡੀ ਉਪਲਬਧੀ, ਭਾਰਤੀ ਹਵਾਈ ਸੈਨਾ ਦੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਮਹਿਲਾ ਪਹੁੰਚੀ ਇਸ ਮੁਕਾਮ ‘ਤੇ

ਲੁਧਿਆਣਾ : ਅੱਜ ਅੰਤਰਾਰਾਸ਼ਟਰੀ ਮਹਿਲਾ ਦਿਵਸ ‘ਤੇ ਇੱਕ ਵੱਡੀ ਖ਼ਬਰ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਜਿਸ ‘ਤੇ ਮਾਣ ਕਰਨਾ ਵੀ ਬਣਦਾ ਹੈ। ਬੀਤੇ ਦਿਨ ਹੀ ਪੰਜਾਬ ਦੀ ਇੱਕ ਹੋਣਹਾਰ ਧੀ ਤੇ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਦੇ ਪੱਛਮੀ ਸੈਕਟਰ ਵਿੱਚ ਇੱਕ ਫਰੰਟਲਾਈਨ ਲੜਾਕੂ ਯੂਨਿਟ ਦੀ ਕਮਾਂਡ ਕਰਨ ਲਈ ਧਾਮੀ ਨੂੰ ਚੁਣਿਆ ਗਿਆ ਹੈ।

ਭਾਰਤੀ ਹਵਾਈ ਸੈਨਾ ਦੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਮਹਿਲਾ ਕਾਂਬੇਟ ਯੂਨਿਟ ਦੀ ਕਮਾਂਡਰ ਬਣੀ ਹੈ।ਫਲਾਇੰਗ ਬਰਾਂਚ ਵਿੱਚ ਪੱਕੇ ਤੌਰ ‘ਤੇ ਕਮਿਸ਼ਨ ਪਾਉਣ ਵਾਲੀ ਵੀ ਧਾਮੀ ਪਹਿਲੀ ਮਹਿਲਾ ਅਫਸਰ ਹੈ।

ਕਰੀਬ ਤਿੰਨ ਸਾਲ ਪਹਿਲਾਂ 2019 ਵਿੱਚ ਸ਼ਾਲੀਜਾ ਧਾਮੀ ਪਹਿਲੀ ਮਹਿਲਾ ਆਈਏਐਫ ਅਧਿਕਾਰੀ ਬਣੀ ਸੀ, ਜਿਸ ਨੂੰ ਫਲਾਇੰਗ ਯੂਨਿਟ ਦੇ ਫਲਾਈਟ ਕਮਾਂਡਰ ਦੇ ਰੈਂਕ ‘ਤੇ ਤਰੱਕੀ ਦਿੱਤੀ ਗਈ। ਆਪਣੇ 15 ਸਾਲਾਂ ਦੇ ਕੈਰੀਅਰ ਵਿੱਚ ਉਹਨਾਂ ਕੋਲ ਤਜ਼ਰਬੇ ਦੇ ਨਾਲ ਬਹੁਤ ਸਾਰੀਆਂ ਸ਼ਾਨਦਾਰ ਪ੍ਰਾਪਤੀਆਂ ਹਨ।

ਧਾਮੀ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਨਾਲ ਜੁੜਦਾ ਹੈ,ਜਿਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੈਦਾ ਹੋਏ ਤੇ ਪਲੇ ਸਨ। ਧਾਮੀ ਨੇ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਤੇ ਉਸ ਤੋਂ ਬਾਅਦ ਕਾਲਜ ਵਿੱਚ ਬੀਐਸਸੀ ਦੀ ਡਿਗਰੀ ਪੂਰੀ ਕਰਦਿਆਂ ਹੀ ਉਹਨਾਂ ਦੀ ਏਅਰਫੋਰਸ ਵਿੱਚ ਚੋਣ ਹੋ ਗਈ ਸੀ।ਆਪਣੀ ਕਾਲਜ ਦੀ ਪੜਾਈ ਦੇ ਦੌਰਾਨ ਧਾਮੀ ਐਨਸੀਸੀ ਦੇ ਏਅਰਫੋਰਸ ਵਿੰਗ ਵਿੱਚ ਵੀ ਸ਼ਾਮਲ ਸੀ।

ਧਾਮੀ ਨੇ ਪਹਿਲੀ ਵਾਰ 2003 ਵਿੱਚ ਇੱਕ HAL HPT-32 ਦੀਪਕ ਵਿੱਚ ਇਕੱਲੇ ਉਡਾਣ ਭਰੀ ਸੀ। ਉਸੇ ਸਾਲ, ਉਸ ਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਾਲੀਜਾ ਨੂੰ ਸਾਲ 2005 ਵਿੱਚ ਫਲਾਈਟ ਲੈਫਟੀਨੈਂਟ ਅਤੇ ਸਾਲ 2009 ਵਿੱਚ ਸਕੁਐਡਰਨ ਲੀਡਰ ਵਜੋਂ ਤਰੱਕੀ ਦਿੱਤੀ ਗਈ। ਸ਼ਾਲੀਜ਼ਾ ਧਾਮੀ ਦੀ ਦੋ ਵਾਰ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਵੱਲੋਂ ਵੀ ਤਾਰੀਫ ਕੀਤੀ ਜਾ ਚੁੱਕੀ ਹੈ। ਉਹ ਵਰਤਮਾਨ ਵਿੱਚ ਇੱਕ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਸੰਚਾਲਨ ਸ਼ਾਖਾ ਵਿੱਚ ਤਾਇਨਾਤ ਹੈ।ਸ਼ਾਲੀਜਾ ਧਾਮੀ,ਜਿਸ ਕੋਲ 2,800 ਤੋਂ ਵੱਧ ਉਡਾਣ ਦੇ ਘੰਟੇ ਹਨ, ਹੁਣ ਦੇਸ਼ ਦੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮਿਜ਼ਾਈਲ ਦੀ ਤਿਆਰੀ ਅਤੇ ਕਮਾਂਡ ਕੰਟਰੋਲ ਦੀ ਨਿਗਰਾਨੀ ਕਰੇਗੀ।

 

 

Exit mobile version