ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ ਵਿੱਤੀ ਸਾਲ 2025-26 ਲਈ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਜਾਵੇਗਾ।
ਬਜਟ ਦੌਰਾਨ ਦਮਦਮੀ ਟਕਸਾਲ ਵੱਲੋਂ ਟਕਰਾਅ ਦੀ ਸਥਿਤੀ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਜਾਣਕਾਰੀ ਅਨੁਸਾਰ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਦੇ ਵਿਰੋਧ ਵਿੱਚ ਦਮਦਮੀ ਟਕਸਾਲ ਵੱਲੋਂ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੀ ਗਿਣਤੀ ਵਿੱਚ ਟਾਸਕ ਫੋਰਸ ਤੈਨਾਤ ਕੀਤੀ ਗਈ ਹੈ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਨੰਦਪੁਰ ਸਾਹਿਬ ’ਚ ਸਿੱਖ ਜਥੇਬੰਦੀਆਂ ਦੀ ਹੋਈ ਇੱਕ ਮੀਟਿੰਗ ਦੌਰਾਨ ਧਰਨਾ ਦੇਣ ਦਾ ਐਲਾਨ ਕੀਤਾ ਸੀ। ਦਮਦਮੀ ਟਕਸਾਲ ਵੱਲੋਂ ਸ਼ਹਿਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਰਸਤੇ ’ਤੇ ਰੋਸ ਧਰਨੇ ਸਬੰਧੀ ਵੱਡੇ ਹੋਰਡਿੰਗ ਵੀ ਲਾਏ ਗਏ ਹਨ। ਅੰਮ੍ਰਿਤਸਰ ਗੋਲਡਨ ਗੇਟ ਦੇ ਬਾਹਰ ਭਾਰੀ ਗਿਣਤੀ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿੱਚ ਧਾਰਮਿਕ ਅਤੇ ਸਿਆਸੀ ਆਗੂ ਵੀ ਸ਼ਾਮਲ ਹੋ ਰਹੇ ਹਨ।