The Khalas Tv Blog Punjab SGPC ਵੱਲੋਂ ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ
Punjab

SGPC ਵੱਲੋਂ ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਟਿਆਲਾ ਵਿੱਚ ਖ਼ਾਲਸਾ ਕਾਲਜ ਟਰੱਸਟ ਦੀ ਚਰਚਿਤ ਜ਼ਮੀਨ ਦਾ ਦੌਰਾ ਕਰਨ ਮਗਰੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ ਹੈ। ਸ਼੍ਰੋਮਣੀ ਕਮੇਟੀ ਇਸ ’ਤੇ ਭੂ-ਮਾਫ਼ੀਆ ਦਾ ਕਬਜ਼ਾ ਨਹੀਂ ਹੋਣ ਦੇਵੇਗੀ। ਬੀਬੀ ਜਗੀਰ ਕੌਰ ਨੇ ਤਿੱਖੇ ਤੇਵਰ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿੱਚ ਪੰਥ ਦੀ ਜਾਇਦਾਦ ਸੁਰੱਖਿਅਤ ਨਹੀਂ ਤਾਂ ਗ਼ਰੀਬ ਦੀ ਜਾਇਦਾਦ ਕਿਵੇਂ ਸੁਰੱਖਿਅਤ ਹੋ ਸਕਦੀ ਹੈ?

ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਇਸ ਮਾਮਲੇ ’ਚ ਬਾਕਾਇਦਾ ਕੈਪਟਨ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਅਪੀਲ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਦਖ਼ਲਅੰਦਾਜ਼ੀ ਨਾ ਕਰੇ ਬਲਕਿ ਭੂ-ਮਾਫ਼ੀਆ ਨੂੰ ਨਾਜਾਇਜ਼ ਕਬਜ਼ਾ ਕਰਨ ਤੋਂ ਰੋਕੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਭੂ-ਮਾਫ਼ੀਆ ਨਾਲ ਮਿਲੀਭੁਗਤ ਕਰਕੇ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਦੇ ਕਾਰਜਾਂ ਵਿੱਚ ਰੁਕਾਵਟਾਂ ਪਾਉਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਹੀ ਕੌਮ ਦੀ ਅਮਾਨਤ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਵਾਉਣ ਲਈ ਕਥਿਤ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀ ਜ਼ਮੀਨ ’ਤੇ ਕੁੱਝ ਲੋਕ ਆਪਣੀ ਜ਼ਮੀਨ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਕਾਗਜ਼ਾਤ ਵਿੱਚ ਸਪੱਸ਼ਟ ਨਹੀਂ ਕਰ ਸਕੇ ਕਿ ਉਨ੍ਹਾਂ ਨੇ ਇਹ ਜ਼ਮੀਨ ਕਿਸ ਤੋਂ ਖ਼ਰੀਦੀ ਅਤੇ ਕਿਸ ਨੇ ਵੇਚੀ ਹੈ। 

Exit mobile version