ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗਲਤ ਵੀਡੀਓ ਬਣਾਏ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਅਤੇ ਵਿਸ਼ਵ ਪੱਧਰੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਕਰਾਰ ਦਿੱਤਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ, ਜਿੱਥੋਂ ਸਰਬਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ, ਪਰ ਕੁਝ ਲੋਕਾਂ ਦੀਆਂ ਗਲਤ ਹਰਕਤਾਂ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀਆਂ ਹਨ। ਉਨ੍ਹਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਸਾਈਬਰ ਕਰਾਈਮ ਸੈੱਲ ਅਜਿਹੀਆਂ ਹਰਕਤਾਂ ‘ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ। ਸ਼੍ਰੋਮਣੀ ਕਮੇਟੀ ਪਹਿਲਾਂ ਵੀ ਏਆਈ ਪਲੇਟਫਾਰਮਾਂ ‘ਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਸਬੰਧੀ ਗਲਤ ਜਾਣਕਾਰੀ ਵਾਲੀਆਂ ਵੀਡੀਓਜ਼ ਨੂੰ ਹਟਵਾਉਣ ਲਈ ਕੰਮ ਕਰ ਚੁੱਕੀ ਹੈ।
ਧਾਮੀ ਨੇ ਇਸ ਮੁੱਦੇ ਨੂੰ ਸੰਜੀਦਾ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦ ਹੀ ਇਸ ਸਬੰਧੀ ਮੀਟਿੰਗ ਕਰਕੇ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਹੱਲ ਲੱਭੇਗੀ।ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਨੀਤੀ ਬਣਾਈ ਜਾਵੇ। ਉਨ੍ਹਾਂ ਚਿੰਤਾ ਜਤਾਈ ਕਿ ਕੁਝ ਲੋਕ ਅਜਿਹੀਆਂ ਵੀਡੀਓਜ਼ ਨੂੰ ਆਪਣੇ ਪੇਜਾਂ ‘ਤੇ ਪ੍ਰਚਾਰਦੇ ਹਨ, ਜੋ ਦੁਖਦਾਈ ਹੈ।
ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੀਆਂ ਵੀਡੀਓਜ਼ ਨੂੰ ਸਾਂਝਾ ਕਰਨ ਦੀ ਬਜਾਏ ਰਿਪੋਰਟ ਕਰਕੇ ਰੋਕਣ ਵਿੱਚ ਸਹਿਯੋਗ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਧਾਰਮਿਕ ਸੰਵੇਦਨਾਵਾਂ ਦੀ ਰਾਖੀ ਲਈ ਸਰਕਾਰ ਅਤੇ ਸਮਾਜ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।