The Khalas Tv Blog Punjab ਬਲਵੰਤ ਸਿੰਘ ਰਾਜੋਆਣਾ ਨੇ 4 ਦਿਨ ਭੁੱਖ ਹੜ੍ਹਤਾਲ ਹੋਰ ਟਾਲੀ ! SGPC ਪ੍ਰਧਾਨ ਧਾਮੀ ਨਾਲ ਮੁਲਾਕਾਤ ਕਰਕੇ ਸੌਂਪੀ ਚਿੱਠੀ !
Punjab

ਬਲਵੰਤ ਸਿੰਘ ਰਾਜੋਆਣਾ ਨੇ 4 ਦਿਨ ਭੁੱਖ ਹੜ੍ਹਤਾਲ ਹੋਰ ਟਾਲੀ ! SGPC ਪ੍ਰਧਾਨ ਧਾਮੀ ਨਾਲ ਮੁਲਾਕਾਤ ਕਰਕੇ ਸੌਂਪੀ ਚਿੱਠੀ !

ਬਿਉਰੋ ਰਿਪੋਰਟ : ਪਟਿਆਲਾ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ । ਜਿਸ ਤੋਂ ਬਾਅਦ ਰਾਜੋਆਣਾ ਨੇ 4 ਹੋਰ ਦਿਨਾਂ ਲਈ ਭੁੱਖ ਹੜਤਾਲ ਦਾ ਫੈਸਲਾ ਟਾਲ ਦਿੱਤਾ ਹੈ । ਹੁਣ ਰਾਜੋਆਣਾ 5 ਦਸੰਬਰ ਤੱਕ ਭੁੱਖ ਹੜ੍ਹਤਾਲ ਨਹੀਂ ਕਰਨਗੇ । ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਸੌਂਪੀ ਹੈ ਜਿਸ ਬਾਰੇ SGPC ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਨੇ ਉਨ੍ਹਾਂ ਨੂੰ ਕੁਝ ਸੁਝਾਅ ਦਿੱਤੇ ਹਨ ਜਿਸ ਬਾਰੇ ਉਹ ਕਮੇਟੀ ਦੇ ਹੋਰ ਅਹੁਦੇਦਾਰਾਂ ਨਾਲ ਵਿਚਾਰ ਕਰਨਗੇ । ਜੇਲ੍ਹ ਵਿੱਚ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਵੀ ਭਰਾ ਬਲਵੰਤ ਸਿੰਘ ਰਾਜੋਆਣਾ ਨਾਲ ਮੀਟਿੰਗ ਕੀਤੀ ਅਤੇ SGPC ਨੂੰ ਸੌਂਪੀ ਚਿੱਠੀ ਬਾਰੇ ਜਾਣਕਾਰੀ ਦਿੱਤੀ ।

ਰਾਜੋਆਣਾ ਨੇ SGPC ਨੂੰ ਸੌਂਪੀ ਚਿੱਠੀ

ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਚਿੱਠੀ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਸਖਤ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਘਰੋਂ ਨਿਕਲਿਆ ਸੀ। ਪਰ 12 ਸਾਲ ਬਾਅਦ ਵੀ ਮੈਨੂੰ ਇਨਸਾਫ ਨਹੀਂ ਮਿਲਿਆ ਹੈ । ਇਸ ਦੌਰਾਨ ਕੇਂਦਰ ਵਿੱਚ 4 ਸਰਕਾਰਾਂ ਬਦਲ ਗਈਆਂ ਹਨ,3 ਜਥੇਦਾਰ ਸਾਹਿਬ ਬਦਲ ਗਏ, 3 SGPC ਦੇ ਪ੍ਰਧਾਨ ਬਦਲੇ ਗਏ ਪਰ ਮੈਂ ਹੁਣ ਵੀ 8 ਬਾਈ 8 ਦੀ ਚੱਕੀ ਵਿੱਚ ਬੈਠਾ ਹਾਂ ਮੈਨੂੰ ਇਨਸਾਫ ਨਹੀਂ ਮਿਲਿਆ ਹੈ। ਚਿੱਠੀ ਵਿੱਚ ਰਾਜੋਆਣਾ ਨੇ SGPC ਨੂੰ ਅਪੀਲ ਕੀਤੀ ਹੈ ਉਹ ਆਪਣੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਵਾਪਸ ਲੈ ਲੈਣ ਨਹੀਂ ਤਾਂ ਉਹ 5 ਦਸੰਬਰ ਤੋਂ ਭੁੱਖ ਹੜ੍ਹਤਾਲ ‘ਤੇ ਬੈਠ ਜਾਣਗੇ। ਭੈਣ ਕਮਲਦੀਪ ਕੌਰ ਨੇ ਕਿਹਾ ਉਹ ਵੀ ਨਹੀਂ ਚਾਉਂਦੇ ਹਨ ਕਿ ਉਨ੍ਹਾਂ ਦੇ ਵੀਰ ਜੀ ਨੂੰ ਭੁੱਖ ਹੜ੍ਹਤਾਲ ਕਰਨੀ ਪਏ ਪਰ ਜੇਕਰ ਸਿੱਖ ਸੰਸਥਾਵਾਂ ਨੇ ਸਮੇਂ ਸਿਰ ਸਾਰਥਕ ਕਦਮ ਚੁੱਕੇ ਹੁੰਦੇ ਤਾਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋ ਸਕਦੀ ਸੀ। ਉਨ੍ਹਾਂ ਨੇ ਕਿਹਾ ਜਦੋਂ ਕਤਲ ਅਤੇ ਜ਼ਬਰਜਨਾਹ ਦੇ ਕੇਸ ਵਿੱਚ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ ਤਾਂ ਉਨ੍ਹਾਂ ਦੇ ਭਰਾ ਨੂੰ 28 ਸਾਲ ਜੇਲ੍ਹ ਵਿੱਚ ਹੋ ਗਏ ਹਨ ।

‘ਸਾਨੂੰ ਨਹੀਂ ਮਿਲਿਆ ਇਨਸਾਫ’

ਰਾਜੋਆਣਾ ਨਾਲ ਮਿਲ ਕੇ ਜੇਲ੍ਹ ਤੋਂ ਬਾਹਰ ਆਏ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ 8 ਬਾਈ 8 ਦੀ ਚੱਕੀ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਬੈਠੇ 12 ਸਾਲ ਤੋਂ ਵੱਧ ਹੋ ਗਏ ਹਨ। ਪਹਿਲਾਂ ਰਾਸ਼ਟਪਤੀ ਨੇ ਅਪੀਲ ‘ਤੇ ਕੋਈ ਫੈਸਲਾ ਨਹੀਂ ਕੀਤਾ ਜਦੋਂ ਅਦਾਲਤ ਗਏ ਤਾਂ ਉਨ੍ਹਾਂ ਨੇ ਕੇਂਦਰ ਨੂੰ ਫੈਸਲਾ ਲੈਣ ਦੇ ਨਿਰਦੇਸ਼ ਦੇਣ ਲਈ 2 ਸਾਲ ਲਾ ਦਿੱਤੇ ਪਰ ਹੁਣ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ । ਇਸ ਤੋਂ ਪਹਿਲਾਂ ਰਾਜੋਆਣਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੂੰ 7 ਨਵੰਬਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ SGPC ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫੀ ਦੀ ਪਟੀਸ਼ਨ ਵਾਪਸ ਲਏ ।ਨਹੀਂ ਤਾਂ ਉਹ ਭੁੱਖ ਹੜ੍ਹਤਾਲ ‘ਤੇ ਬੈਠਣਗੇ । ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਰਾਜੋਆਣਾ ਦੀ ਰਿਹਾਈ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ। ਜਥੇਦਾਰ ਸਾਹਿਬ ਦੇ ਨਿਰਦੇਸ਼ ਆਉਣ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਦੋਵਾਂ ਕਮੇਟੀਆਂ ਨੂੰ 20 ਦਿਨਾਂ ਦਾ ਸਮਾਂ ਦਿੱਤਾ ਸੀ।

Exit mobile version