The Khalas Tv Blog Punjab SGPC ਨੇ ਬੀਜੇਪੀ ਦੇ ਕੌਮੀ ਬੁਲਾਰੇ ਖ਼ਿਲਾਫ਼ ਲਿਆ ਸਖ਼ਤ ਨੋਟਿਸ
Punjab

SGPC ਨੇ ਬੀਜੇਪੀ ਦੇ ਕੌਮੀ ਬੁਲਾਰੇ ਖ਼ਿਲਾਫ਼ ਲਿਆ ਸਖ਼ਤ ਨੋਟਿਸ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੱਲੋਂ SGPC ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ। ਧਾਮੀ ਨੇ ਕਿਹਾ ਕਿ ਜੇਕਰ ਧਰਮ ਪਰਵਰਤਨ ਦੇ ਮਾਮਲੇ ਵਿਚ ਆਰ.ਪੀ. ਸਿੰਘ ਸੱਚਮੁੱਚ ਹੀ ਸੰਜੀਦਾ ਹਨ, ਤਾਂ ਉਹ ਸ਼੍ਰੋਮਣੀ ਕਮੇਟੀ ਦੇ ਭਾਰਤ ਸਰਕਾਰ ਪਾਸ ਪਏ ਕੇਸ ’ਤੇ ਪਹਿਲ ਦੇ ਅਧਾਰ ’ਤੇ ਕਾਰਵਾਈ ਕਰਵਾਉਣ। ਉਨ੍ਹਾਂ ਕਿਹਾ ਕਿ ਧਰਮ ਪਰਵਰਤਨ ਦੇ ਮੁੱਦੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ’ਤੇ ਸਵਾਲ ਖੜ੍ਹੇ ਕਰਨੇ ਕੋਈ ਆਮ ਪ੍ਰਤੀਕਰਮ ਨਾ ਹੋ ਕੇ ਪ੍ਰਾਪੇਗੰਡਾ ਤਹਿਤ ਇਕ ਸੋਚੀ ਸਮਝੀ ਸਾਜ਼ਿਸ਼ ਦੀ ਕੜੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਬਿਨਾ ਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕਾਰਜ ਨਿਰੰਤਰ ਜਾਰੀ ਹਨ, ਪਰ ਆਰ.ਪੀ. ਸਿੰਘ ਵਰਗੇ ਕੁਝ ਲੋਕ ਸਿੱਖ ਕੌਮ ਦੀ ਵੱਕਾਰੀ ਸੰਸਥਾ ਨੂੰ ਢਾਹ ਲਗਾਉਣ ਦੇ ਯਤਨ ਵਿਚ ਹਨ। ਆਰ.ਪੀ. ਸਿੰਘ ਵੱਲੋਂ ਧਰਮ ਪਰਵਰਤਨ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਸਵਾਲ ਖੜ੍ਹੇ ਕਰਨਾ ਨਿੰਦਣਯੋਗ ਹੈ, ਜਿਸ ਦੀ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸੰਵਿਧਾਨਕ ਸੰਸਥਾ ਹੈ, ਜੋ ਬੀਤੇ 100 ਸਾਲ ਤੋਂ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਸ਼੍ਰੋਮਣੀ ਕਮੇਟੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਾਕ ਵਜੋਂ ਲੈ ਕੇ ਇਸ ਦਾ ਨਾਂ ਵਿਗਾੜਨ ਦੀ ਗੱਲ ਕਰਨੀ ਉਸ ਦੀ ਗੈਰ-ਜੁੰਮੇਵਾਰਾਨਾ ਹਰਕਤ ਹੈ, ਜਿਸ ਨੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਉਨ੍ਹਾਂ ਕਿਹਾ ਕਿ ਜਿਸ ਧਰਮ ਪਰਵਰਤਨ ਦੇ ਮਾਮਲੇ ’ਤੇ ਆਰ.ਪੀ. ਸਿੰਘ ਗੱਲ ਕਰ ਰਹੇ ਹਨ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਦੇ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਲਿਖਤੀ ਤੌਰ ’ਤੇ ਭੇਜਿਆ ਜਾ ਚੁੱਕਾ ਹੈ, ਜਿਸ ਆਧਾਰ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਇਸਾਈ ਧਰਮ ਦੇ ਪ੍ਰਤੀਨਿਧਾਂ ਨਾਲ ਲੰਘੀ 16 ਜੂਨ ਨੂੰ ਬੈਠਕ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰ.ਪੀ. ਸਿੰਘ ਧਰਮ ਪਰਵਰਤਨ ਦੇ ਮਾਮਲੇ ਵਿਚ ਵਾਕਿਆ ਹੀ ਸੰਜੀਦਾ ਹਨ ਤਾਂ ਉਹ ਆਪਣੀ ਪਾਰਟੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਕਾਰਵਾਈ ਕਰਨ ਲਈ ਕਹਿਣ। ਪਰ ਜੇਕਰ ਉਸ ਦਾ ਬਿਆਨ ਕੇਵਲ ਸੁਰਖੀਆਂ ਬਟੋਰਨ ਅਤੇ ਮੁੱਦੇ ਨੂੰ ਸੁਰਖ ਕਰਨ ਲਈ ਹੈ, ਤਾਂ ਇਹ ਬੇਹੱਦ ਮੰਦਭਾਗਾ ਹੈ।

ਦਰਅਸਲ, ਆਰ ਪੀ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ ‘ਕਿੰਨੀ ਵਾਰ SGPC ਨੇ ਧਰਮ ਪਰਿਵਰਤਨ ਲਈ ਮਿਸ਼ਨਰੀਆਂ ਦੁਆਰਾ ਲਾਲਚ ਦੇ ਰਹੇ ਸਿੱਖਾਂ ਵਿਰੁੱਧ ਬਿਆਨ ਜਾਰੀ ਕੀਤਾ ਜਾਂ ਕਾਰਵਾਈ ਕੀਤੀ, ਕਿੰਨੇ ਧਰਮ ਪਰਿਵਰਤਿਤ ਸਿੱਖਾਂ ਨੂੰ ਵਾਪਸ ਮੋੜਿਆ ਗਿਆ। ਸਗੋਂ ਇਹ ਆਰ.ਐਸ.ਐਸ ਸੀ ਜਿਸ ਨੇ ਘਰ-ਘਰ ਪ੍ਰਚਾਰ ਮੁਹਿੰਮ ਚਲਾਈ ਅਤੇ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਵਾਪਸ ਮੋੜ ਵਿੱਚ ਲਿਆਂਦਾ।’

Exit mobile version