ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਫਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਨੂੰ ਜਾਰੀ ਹੋਣ ਤੋਂ ਰੋਕਣ ਸਬੰਧੀ ਕਈ ਜਥੇਬੰਦੀਆਂ ਅਤੇ ਸੰਗਤ ਵੱਲੋਂ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਬਹੁਤ ਸਾਰੇ ਇਤਰਾਜ਼ ਸ਼੍ਰੋਮਣੀ ਕਮੇਟੀ ਪਾਸ ਵੀ ਪੁੱਜੇ ਹਨ। ਧਾਮੀ ਨੇ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਤੋਂ ਵੱਡਾ ਕੋਈ ਨਹੀਂ ਹੈ, ਜਿਸ ਦੀ ਤਰਜ਼ਮਾਨੀ ਕਰਦਿਆਂ ਇਸ ਫਿਲਮ ਦੇ ਰਿਲੀਜ਼ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧ ਵਿਚ ਤੁਰੰਤ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਦੇ ਨਾਲ ਹੀ ਫਿਲਮ ਸੈਂਸਰ ਬੋਰਡ ਵੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ।
ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫਿਲਮ ਨੂੰ ਐਨਓਸੀ ਨਹੀਂ ਜਾਰੀ ਕੀਤੀ ਗਈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਫਿਲਮ ਸਬੰਧੀ ਸਿੱਖ ਇਤਿਹਾਸ, ਸਿਧਾਂਤਾਂ, ਸਿੱਖ ਮਰਯਾਦਾ ਅਤੇ ਪ੍ਰੰਪਰਾਵਾਂ ਦੀ ਰੌਸ਼ਨੀ ਵਿਚ ਹੀ ਕੋਈ ਫੈਸਲਾ ਲਿਆ ਜਾਂਦਾ ਹੈ, ਲਿਹਾਜ਼ਾ ਸ਼੍ਰੋਮਣੀ ਕਮੇਟੀ ਇਸ ਫਿਲਮ ਦੇ ਮਾਮਲੇ ਵਿਚ ਵੀ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸਿਧਾਂਤਾਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਇਸ ਸੰਜੀਦਾ ਮਸਲੇ ’ਤੇ ਸਿੱਖ ਭਾਵਨਾਵਾਂ ਅਨੁਸਾਰ ਫਿਲਮ ’ਤੇ ਰੋਕ ਲਗਾਉਣ ਦਾ ਫੈਸਲਾ ਕਰਨਾ ਚਾਹੀਦਾ ਹੈ।