ਬਿਉਰੋ ਰਿਪੋਰਟ – ਬੇਅੰਤ ਸਿੰਘ ਕਤਲਕਾਂਡ (BEANT SINGH MURDER CASE) ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ (BALWANT SINGH RAJOHANA) ਦੇ ਨਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ (HARJINDER SINGH DHAMI) ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ (JATHEDAR RAGHUBIR SINGH) ਨੇ ਮੁਲਕਾਤ ਕੀਤੀ। ਉਹ ਆਪਣੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਜਲ ਅਤੇ ਪ੍ਰਸ਼ਾਦ ਨਾਲ ਲੈ ਕੇ ਗਏ ਸਨ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮੁਲਾਕਾਤ ਨੂੰ ਪਰਿਵਾਰਿਕ ਦੱਸਿਆ ਪਰ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਤੋਂ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਨੂੰ ਹੁਣ ਤੱਕ ਰਾਜੋਆਣਾ ਮਾਮਲੇ ਵਿੱਚ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਸੌਦਾ ਸਾਧ ਨੂੰ ਇੱਕ ਵਾਰ ਮੁੜ ਤੋਂ ਫਰਲੋ ਇਸੇ ਲਈ ਦਿੱਤੀ ਗਈ ਤਾਂ ਕਿ ਵਿਧਾਨ ਸਭਾ ਚੋਣਾਂ ਵਿੱਚ ਉਸ ਦਾ ਫਾਇਦਾ ਚੁੱਕਿਆ ਜਾ ਸਕੇ। ਹਰਿਆਣਾ ਸਰਕਾਰ ਨੇ ਰਾਮ ਰਹੀਮ ਦੇ ਲਈ ਕਾਨੂੰਨ ਵਿੱਚ ਵੀ ਬਦਲਾਅ ਕੀਤਾ ਹੈ।
ਪਿਛਲੇ ਸਾਲ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ SGPC ਵੱਲੋਂ ਸੁਪਰੀਮ ਕੋਰਟ ਤੋਂ ਰਹਿਮ ਦੀ ਪਟੀਸ਼ਨ ਵਾਪਸ ਲਈ ਜਾਵੇ। ਉਨ੍ਹਾਂ ਨੇ ਗੰਭੀਰ ਸਵਾਲ ਚੁੱਕ ਦੇ ਹੋਏ ਕਿਹਾ ਦਹਾਕੇ ਬੀਤ ਜਾਣ ਦੇ ਬਾਵਜੂਦ SGPC ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਹੈ। ਰਾਜੋਆਣਾ ਵੱਲੋਂ ਜੇਲ੍ਹ ਵਿੱਚ ਭੁੱਖ ਹੜ੍ਹਤਾਲ ਵੀ ਸ਼ੁਰੂ ਕਰਵਾਈ ਗਈ, ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਭਰੋਸੇ ਤੋਂ ਬਾਅਦ ਰਾਜੋਆਣਾ ਨੇ ਭੁੱਖ ਹੜ੍ਹਤਾਲ ਖ਼ਤਮ ਕਰ ਦਿੱਤੀ। ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦ ਕੇ 31 ਦਸੰਬਰ 2023 ਤੱਕ ਕੇਂਦਰ ਸਰਕਾਰ ਨੂੰ ਰਾਜੋਆਣਾ ’ਤੇ ਫੈਸਲਾ ਲੈਣਾ ਦਾ ਅਲਟੀਮੇਟਮ ਦਿੱਤਾ ਸੀ ਪਰ ਕੋਈ ਫਾਇਦਾ ਨਹੀਂ ਹੋਇਆ ਸੀ।
ਇਸ ਤੋਂ ਬਾਅਦ ਅਲਟੀਮੇਟਮ ਦੀ ਤਰੀਕ ਵਧਾ ਦਿੱਤੀ ਗਈ ਅਤੇ SGPC ਦੇ ਪ੍ਰਧਾਨ ਦੀ ਪ੍ਰਧਾਨਗੀ ਅਧੀਨ ਇਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਕੇਂਦਰ ਨਾਲ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਗੱਲਬਾਤ ਕਰੇਗੀ। ਇਸ ਕਮੇਟੀ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ, ਵਿਰਸਾ ਸਿੰਘ ਵਲਟੋਹਾ, ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ ਮੀਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਕੋਲੋ ਮਿਲਣ ਦਾ ਸਮਾਂ ਮੰਗਿਆ ਸੀ, ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਪਟੀਸ਼ਨ ਵਾਪਸ ਲੈਣ ਦੀ ਮੰਗ ਅਤੇ ਸ੍ਰੀ ਅਕਾਲ ਤਖ਼ਤ ਦੇ ਵੱਲੋਂ ਗਠਤ ਕਮੇਟੀ ਦੇ 8 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਹੋ ਸਕਦਾ ਹੈ ਰਾਜੋਆਣਾ ਵੱਲੋਂ ਕਿਸੇ ਵੱਡੇ ਐਲਾਨ ਦੀ ਤਿਆਰੀ ਕੀਤੀ ਜਾ ਰਹੀ ਹੋਵੇ। ਇਸੇ ਲਈ ਜਥੇਦਾਰ ਸਾਹਿਬ ਅਤੇ ਐੱਸਜੀਪੀਸੀ ਪ੍ਰਧਾਨ ਵੱਲੋਂ ਮੁਲਾਕਾਤ ਦਾ ਫੈਸਲਾ ਲਿਆ ਗਿਆ ਹੋਵੇ।