ਬਿਊਰੋ ਰਿਪੋਰਟ (19 ਫਰਵਰੀ, 2026): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਸਖ਼ਤ ਜਵਾਬ ਦਿੱਤਾ ਹੈ। ਧਾਮੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਹਨ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਕਿਸੇ ਹੋਰ ਦੀ ਲਿਖੀ ਹੋਈ ‘ਸਕ੍ਰਿਪਟ’ ਪੜ੍ਹ ਰਹੇ ਹਨ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਪੱਖ ਰੱਖਣ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ, ਪਰ ਉਹ ਫਿਲਹਾਲ 3 ਅਪ੍ਰੈਲ ਤੱਕ ਛੁੱਟੀ ’ਤੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਕੁਝ ਤਾਕਤਾਂ ਸ਼੍ਰੋਮਣੀ ਕਮੇਟੀ ਵਰਗੀ ਵੱਕਾਰੀ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਨੂੰ ਮੁਆਫ਼ੀ ਦੀ ਮੰਗ
ਪ੍ਰਧਾਨ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਇਲਜ਼ਾਮਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ SGPC ਵੱਲੋਂ ਕਿਸੇ ਵੀ ਪੱਧਰ ’ਤੇ ਕੋਈ ਕੁਤਾਹੀ ਨਹੀਂ ਵਰਤੀ ਗਈ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਇਲਜ਼ਾਮਾਂ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਕਮੇਟੀ ਉਨ੍ਹਾਂ ਵਿਰੁੱਧ ਮਾਣਹਾਨੀ (Defamation) ਦਾ ਕੇਸ ਦਰਜ ਕਰੇਗੀ।
328 ਸਰੂਪਾਂ ਦਾ ਮਸਲਾ ਤੇ ਸੋਸ਼ਲ ਮੀਡੀਆ ਟ੍ਰਾਇਲ
ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਗੱਲਾਂ ’ਤੇ ਇਤਰਾਜ਼ ਜਤਾਉਂਦਿਆਂ ਧਾਮੀ ਨੇ ਕਿਹਾ ਕਿ 328 ਸਰੂਪਾਂ ਦੇ ਸੰਵੇਦਨਸ਼ੀਲ ਮਸਲੇ ਵਿੱਚ ਵੀ ਕਮੇਟੀ ਨੇ ਹਮੇਸ਼ਾ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਤੱਥਾਂ ਦੇ ਦੂਸ਼ਣਬਾਜ਼ੀ ਕਰਨੀ ਸੌਖੀ ਹੈ, ਪਰ ਇਨ੍ਹਾਂ ਇਲਜ਼ਾਮਾਂ ਨੂੰ ਸਹਿਣਾ ਬਹੁਤ ਔਖਾ ਹੁੰਦਾ ਹੈ।
ਐਗਜ਼ੈਕਟਿਵ ਕਮੇਟੀ ਦਾ ਵੱਡਾ ਫੈਸਲਾ
ਕਾਨਫਰੰਸ ਦੇ ਅੰਤ ਵਿੱਚ ਧਾਮੀ ਨੇ ਦੱਸਿਆ ਕਿ SGPC ਦੀ ਐਗਜ਼ੈਕਟਿਵ ਕਮੇਟੀ ਨੇ ਇੱਕ ਅਹਿਮ ਮਤਾ ਪਾਸ ਕੀਤਾ ਹੈ। ਇਸ ਅਨੁਸਾਰ, ਜਿਸ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਕਿਸੇ ਮਾਮਲੇ ਵਿੱਚ ਜ਼ੁਰਮਾਨਾ ਹੋ ਚੁੱਕਾ ਹੈ, ਉਸ ਨੂੰ ਕਿਸੇ ਵੀ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾਵੇਗਾ। ਇਹ ਨਿਯਮ ਸਭ ‘ਤੇ ਬਰਾਬਰ ਲਾਗੂ ਹੋਵੇਗਾ, ਚਾਹੇ ਉਹ ਅਹੁਦੇ ਵਿੱਚ ਛੋਟਾ ਹੋਵੇ ਜਾਂ ਵੱਡਾ।

