The Khalas Tv Blog Punjab ਸ਼ਹੀਦੀ ਸ਼ਤਾਬਦੀ ਮੌਕੇ ਕਰਾਏ ਨੈਸ਼ਨਲ ਗੱਤਕਾ ਮੁਕਾਬਲੇ, ਜਥੇਦਾਰ ਵੱਲੋਂ ਹਰੇਕ ਸਿੱਖ ਬੱਚੇ ਨੂੰ ਗੱਤਕਾ ਸਿਖਾਉਣ ਦੀ ਤਾਕੀਦ
Punjab Religion

ਸ਼ਹੀਦੀ ਸ਼ਤਾਬਦੀ ਮੌਕੇ ਕਰਾਏ ਨੈਸ਼ਨਲ ਗੱਤਕਾ ਮੁਕਾਬਲੇ, ਜਥੇਦਾਰ ਵੱਲੋਂ ਹਰੇਕ ਸਿੱਖ ਬੱਚੇ ਨੂੰ ਗੱਤਕਾ ਸਿਖਾਉਣ ਦੀ ਤਾਕੀਦ

ਬਿਊਰੋ ਰਿਪੋਰਟ (ਸ੍ਰੀ ਅਨੰਦਪੁਰ ਸਾਹਿਬ, 28 ਨਵੰਬਰ 2025): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀਆਂ ਗਤਕਾ ਟੀਮਾਂ ਨੇ ਹਿੱਸਾ ਲਿਆ ਅਤੇ ਗੱਤਕੇ ਦੇ ਜੌਹਰ ਦਿਖਾਏ। ਇਨ੍ਹਾਂ ਮੁਕਾਬਲਿਆਂ ਦੀ ਆਰੰਭਤਾ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਹੋਈ।

ਗੱਤਕਾ ਮੁਕਾਬਲਿਆਂ ਵਿਚ ਨੌਜਵਾਨਾਂ ਨੇ ਪ੍ਰਦਰਸ਼ਨ ਅਤੇ ਮੁਕਾਬਲਿਆਂ ਵਿਚ ਬਾਖੂਬੀ ਪੇਸ਼ਕਾਰੀ ਦਿੱਤੀ, ਜਿਸ ਦੌਰਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਗੱਤਕਾ ਅਖਾੜਾ ਰੱਤੀਆ (ਹਰਿਆਣਾ), ਮਾਤਾ ਸਾਹਿਬ ਕੌਰ ਜੀ ਗੱਤਕਾ ਅਖਾੜਾ ਤਲਵੰਡੀ ਸਾਬੋ, ਖ਼ਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਚੰਡੀਗੜ੍ਹ, ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਹਿਮਾਚਲ ਪ੍ਰਦੇਸ਼, ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਰੂਪਨਗਰ, ਹਰਗੋਬਿੰਦ ਜੀਤ ਗੱਤਕਾ ਅਖਾੜਾ ਬੁੱਢਾ ਦਲ ਦਿੱਲੀ ਅਤੇ ਬੀਬੀ ਸ਼ਰਨ ਕੀਰ ਖ਼ਾਲਸਾ ਕਾਲਜ ਚਮਕੌਰ ਸਾਹਿਬ ਰੂਪਨਗਰ ਸਮੇਤ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।

ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਖ਼ਾਲਸਾ ਪੰਥ ਨੂੰ ਬੜੀਆਂ ਬੇਨਜ਼ੀਰ ਬਖਸ਼ਿਸ਼ਾਂ ਕੀਤੀਆਂ ਹਨ, ਜਿਨ੍ਹਾਂ ਵਿਚ ਜਿੱਥੇ ਆਤਮਿਕ ਤੌਰ ‘ਤੇ ਬਲਵਾਨ ਬਣਨ ਲਈ ਪਾਵਨ ਗੁਰਬਾਣੀ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਸਰੀਰਕ ਤੌਰ ‘ਤੇ ਸੁਡੌਲ, ਨਿਰੋਗ ਤੇ ਸਵੈ-ਰੱਖਿਅਕ ਬਣਨ ਲਈ ਗੱਤਕਾ ਵਰਗੀਆਂ ਜੰਗੀ ਕਲਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼ ਇਸ ਖਾਲਸਾਈ ਖੇਡ ਗੱਤਕਾ ਨੂੰ ਅੱਜ ਓਲੰਪਿਕ ਵਿਚ ਵੀ ਜੰਗੀ ਕਲਾ ਵਜੋਂ ਮਾਨਤਾ ਮਿਲੀ ਹੋਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀਆਂ ਗੱਤਕਾ ਟੀਮਾਂ ਵੱਡੇ-ਵੱਡੇ ਗੱਤਕਾ ਮੁਕਾਬਲਿਆਂ ਵਿਚ ਆਪਣਾ ਲਾਜਵਾਬ ਪ੍ਰਦਰਸ਼ਨ ਕਰਦੀਆਂ ਹਨ ਅਤੇ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾ ਕੇ ਗੱਤਕਾ ਦੀ ਜੰਗਜੂ ਕਲਾ ਦੀ ਬਖਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿੱਥੇ ਗੱਤਕੇ ਦਾ ਅਭਿਆਸ ਸਾਨੂੰ ਸਵੈ ਰੱਖਿਅਕ ਬਣਾਉਂਦਾ ਹੈ, ਉੱਥੇ ਸਰੀਰਕ ਤੰਦਰੁਸਤੀ ਦਾ ਵੀ ਲਾਜਵਾਬ ਅਭਿਆਸ ਹੈ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣਾ ਚਾਹੀਦਾ ਹੈ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 29 ਨਵੰਬਰ ਨੂੰ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਬਾਰੇ ਗੱਲ ਕਰਦਿਆਂ ਆਖਿਆ ਕਿ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸੀਸ ਲੈ ਕੇ ਬੜੇ ਕਠਿਨ ਤੇ ਔਕੜਾਂ ਭਰੇ ਪੰਧ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪੁੱਜੇ ਸਨ, ਜਿਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਸਮੇਤ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ ਸਨ। ਇਨ੍ਹਾਂ ਲਾਸਾਨੀ ਤੇ ਅਦੁੱਤੀ ਇਤਿਹਾਸਕ ਪਲਾਂ ਦੀ ਯਾਦ ਵਿਚ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਵਿਚ 29 ਨਵੰਬਰ ਨੂੰ ਸਵੇਰੇ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸ਼ਾਮਿਲ ਹੋ ਕੇ 350 ਸਾਲਾ ਸ਼ਤਾਬਦੀ ਮੌਕੇ ਇਤਿਹਾਸਕ ਪਲਾਂ ਦੇ ਗਵਾਹ ਬਣਨਾ ਚਾਹੀਦਾ ਹੈ।

Exit mobile version