The Khalas Tv Blog Punjab ਫਿਲਮ ‘ਦਾਸਤਾਨ-ਏ-ਸਰਹਿੰਦ’ ‘ਤੇ SGPC ਦਾ ਵੱਡਾ ਬਿਆਨ ! ਸੰਗਤਾਂ ਨੂੰ ਕੀਤਾ ਅਲਰਟ ! ਫਿਲਮ ਦੇ ਡਾਇਰੈਕਟਰ ਨੂੰ ਕੀਤੀ ਇਹ ਅਪੀਲ
Punjab

ਫਿਲਮ ‘ਦਾਸਤਾਨ-ਏ-ਸਰਹਿੰਦ’ ‘ਤੇ SGPC ਦਾ ਵੱਡਾ ਬਿਆਨ ! ਸੰਗਤਾਂ ਨੂੰ ਕੀਤਾ ਅਲਰਟ ! ਫਿਲਮ ਦੇ ਡਾਇਰੈਕਟਰ ਨੂੰ ਕੀਤੀ ਇਹ ਅਪੀਲ

ਬਿਉਰੋ ਰਿਪੋਰਟ : ਫਿਲਮ ਦਾਸਤਾਨ-ਏ ਸਰਹਿੰਦ ਇੱਕ ਸਾਲ ਤੋਂ ਵਿਵਾਦਾਂ ਦੀ ਵਜ੍ਹਾ ਕਰਕੇ ਰਿਲੀਜ਼ ਨਹੀਂ ਹੋ ਸਕੀ ਹੈ । ਹੁਣ 5 ਨਵੰਬਰ ਨੂੰ ਰਿਲੀਜ਼ ਹੋਣ ਦੀਆਂ ਚਰਚਾਵਾਂ ਦੇ ਵਿਚਾਲੇ SGPC ਦਾ ਬਿਆਨ ਸਾਹਮਣੇ ਆ ਗਿਆ ਹੈ । ਸ਼੍ਰੋਮਣੀ ਕਮੇਟੀ ਨੇ ਸਾਫ ਕਰ ਦਿੱਤਾ ਹੈ ਕਿ ‘ਦਾਸਤਾਨ-ਏ-ਸਰਹਿੰਦ ਫਿਲਮ ਨੂੰ ਕਮੇਟੀ ਵੱਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ । ਇਸ ਦੇ 5 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫਿਲਮ ਦੇ ਪ੍ਰਬੰਧਕ ਹੀ ਜਵਾਹਦੇਹੀ ਹਨ । ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫਿਲਮ ਸਬੰਧੀ ਕੋਈ ਫੈਸਲਾ ਲੈਣ ।ਸੰਗਤਾਂ ਨੂੰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ,ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫਿਲਮਾਂਕਣ ‘ਤੇ ਰੋਕ ਲਗਾਈ ਗਈ ਹੈ’। ਇਹ ਬਿਆਨ SGPC ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਜਾਰੀ ਕੀਤੀ ਗਿਆ ਹੈ।

ਫਿਲਮ ਦੇ ਡਾਇਰੈਕਟਰ ਦਾ ਬਿਆਨ

ਪਿਛਲੇ ਸਾਲ ਫਿਲਮ ਦੇ ਲੇਖਕ ਨਵੀ ਸਿੱਧੂ ਨੇ ਦੱਸਿਆ ਸੀ ਕਿ ਪਹਿਲਾਂ ਇਸੇ ਵਿਸ਼ੇ ਉੱਤੇ ਉਨ੍ਹਾਂ ਦੇ ਵੱਲੋਂ ਛੋਟੀ ਡਾਕੂਮੈਂਟਰੀ 2015 ਵਿੱਚ ਬਣਾਈ ਗਈ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਅਤੇ ਉਨ੍ਹਾਂ ਦੇ ਕਹਿਣ ‘ਤੇ ਹੀ ਇਸ ਵਿਸ਼ੇ ਉੱਤੇ ਫਿਲਮ ਬਣਾਈ ਗਈ ਹੈ । ਫਿਲਮ ਦੇ ਡਾਇਰੈਕਟਰ ਨਵੀ ਸਿੱਧੂ ਦੇ ਦਾਅਵਾ ਕੀਤਾ ਸੀ ਕਿ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ SGPC ਨੂੰ ਸਕ੍ਰਿਪਟ ਦਿੱਤੀ ਗਈ ਸੀ । ਨਵੀ ਮੁਤਾਬਿਕ ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਉੱਤੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ । ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਫਿਲਮ ਬਣਨ ਤੋਂ ਬਾਅਦ ਕਮੇਟੀ ਕੋਲ ਭੇਜਿਆ ਸੀ ਜਿਸ ਤੋਂ ਬਾਅਦ ਫਿਲਮ ਰਿਲੀਜ਼ ਕਰਨ ਦੀ ਤਰੀਕ 2 ਦਸੰਬਰ 2022 ਤੈਅ ਹੋਈ ਸੀ ।

SGPC ਨੇ ਖਾਰਜ ਕੀਤਾ ਦਾਅਵਾ

ਫਿਲਮ ਦੇ ਡਾਇਰੈਕਟਰ ਦਾ ਕਹਿਣਾ ਹੈ ਫਿਲਮ ਸ਼ੁਰੂ ਕਰਨ ਤੋਂ ਬਣਨ ਤੱਕ ਸ਼੍ਰੋਮਣੀ ਕਮੇਟੀ ਨੂੰ ਇੱਕ-ਇੱਕ ਚੀਜ਼ ਵਿਖਾਈ ਗਈ ਪਰ ਹੁਣ ਮਨਜ਼ੂਰੀ ਦੇਣ ਵਿੱਚ ਪਿੱਛੇ ਹੱਟ ਰਹੀ ਹੈ । ਉਧਰ SGPC ਦਾ ਕਹਿਣਾ ਹੈ ਕਿ ਦਾਸਤਾਨ-ਏ ਸਰਹਿੰਦ ਨਾਂ ਦੀ ਫਿਲਮ ਚਲਾਉਣ ਨੂੰ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ । ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਕਿਸੇ ਵੀ ਫਿਲਮ ਦੇ ਹਰ ਪਹਿਲੂ ਦੀ ਡੂੰਗਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਹੈ ।

ਫਿਲਮ ਦਾ ਵਿਸ਼ਾ

ਫਿਲਮ ਦਾਸਤਾਨ-ਏ ਸਰਹਿੰਦ ਦੇ ਲੇਖਕ ਨਵੀ ਸਿੱਧੂ ਨੇ ਦੱਸਿਆ ਕਿ ਇਹ ਫਿਲਮ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਤੇ ਅਧਾਰਤ ਹੈ । ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਸਰਹਿੰਦ ਅਤੇ ਫਤਹਿਗੜ੍ਹ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਹੈ । ਸਿਰਫ ਇਨ੍ਹਾਂ ਹੀ ਨਹੀਂ ਫਿਲਮ ਵਿੱਚ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਦਾ ਮਹੱਤਤਾ ਵੀ ਦੱਸੀ ਗਈ ਹੈ । ਫਿਲਮ ਵਿੱਚ ਸਾਹਿਬਜ਼ਾਦਿਆਂ ਦੇ ਕਿਰਦਾਨ ਨੂੰ ਛੱਡ ਕੇ ਬਾਕੀ ਸਾਰੇ ਕਿਰਦਾਰ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਮੀ ਕਲਾਕਾਰਾਂ ਵੱਲੋਂ ਨਿਭਾਏ ਗਏ ਹਨ । ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਐਨੀਮੇਸ਼ਨ ਦੇ ਜ਼ਰੀਏ ਫਿਲਮਾਇਆ ਗਿਆ ਹੈ । ਫਿਲਮ ਦੇ ਡਾਇਰੈਕਟਰ ਨਵੀਂ ਸਿੱਧੂ ਅਤੇ ਮਨਪ੍ਰੀਤ ਬਰਾੜ ਹਨ । ਫਿਲਮ ਵਿੱਚ ਗੁਰਪ੍ਰੀਤ ਘੁੱਗੀ,ਸਰਕਾਰ ਸੋਹੀ,ਯੋਗਰਾਜ ਸਿੰਘ,ਸ਼ਾਹਬਾਜ਼ ਖਾਨ ਅਤੇ ਅਲੀ ਖਾਨ ਨੇ ਕੰਮ ਕੀਤਾ ਹੈ ।

ਫਿਲਮ ਦੇ ਵਿਰੋਧ ਪਿੱਛੇ ਦਲੀਲਾਂ

ਪਿਛਲੇ ਸਾਲ ਜਦੋਂ ਫਿਲਮ ਦਾ ਵਿਰੋਧ ਸ਼ੁਰੂ ਹੋਇਆ ਸੀ ਤਾਂ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਸੀ ਕਿ ਫਿਲਮ ਉੱਤੇ ਰੋਕ ਲਗਾਉਣ ਦੇ ਲ਼ਈ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਚਾਰ ਸਾਹਿਬਜ਼ਾਦੇ ਫਿਲਮ ਨੂੰ ਮਨਜ਼ੂਰੀ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਗਲਤੀ ਸੀ। ਜਿਸ ਤੋਂ ਬਾਅਦ ਸਿੱਖ ਗੁਰੂ ਸਾਹਿਬਾਨਾਂ ਨੂੰ ਐਨੀਮੇਸ਼ਨ ਵਾਂਗ ਵਿਖਾਉਣ ਦਾ ਟਰੈਂਡ ਚੱਲ ਗਿਆ । ਪਰਮਜੀਤ ਸਿੰਘ ਮੰਡ ਨੇ ਕਿਹਾ ਸੀ ਕਿ ਜਦੋਂ ਗੁਰੂ ਸਾਹਿਬਾਨਾਂ ਨੂੰ ਐਨੀਮੇਸ਼ਨ ਜਾਂ ਫਿਰ ਉਨ੍ਹਾਂ ਦੀ ਨਕਲ ਕਰਨ ਦੀ ਮਨਾਹੀ ਹੈ ਤਾਂ ਫਿਰ ਅਜਿਹਾ ਕਿਉਂ ਹੋ ਰਿਹਾ ਹੈ । ਉਨ੍ਹਾਂ ਨੇ ਕਿਹਾ ਸੀ ਛੋਟੇ ਸਾਹਿਬਜ਼ਾਦਿਆਂ ਦਾ ਕਿਰਦਾਰ ਕਾਰਟੂਨ ਦੇ ਰਾਹੀ ਪੇਸ਼ ਕਰਨਾ ਗਲਤ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਦਲ ਖਾਲਸਾ ਨੇ ਕਿਹਾ ਸੀ ਕਿ ਫਿਲਮ ਨੂੰ ਕਿਸੇ ਵੀ ਪਲੇਟਫਾਰਮ ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ ।

Exit mobile version