The Khalas Tv Blog Khalas Tv Special ਮੱਤੇਵਾੜਾ ਜੰਗਲ ਦੇ ਜਾਨਵਰਾਂ ਦੀ SGPC ਨੇ ਸੁਣੀ ਹੂਕ
Khalas Tv Special Punjab Religion

ਮੱਤੇਵਾੜਾ ਜੰਗਲ ਦੇ ਜਾਨਵਰਾਂ ਦੀ SGPC ਨੇ ਸੁਣੀ ਹੂਕ

‘ਦ ਖ਼ਾਲਸ ਬਿਊਰੋ (ਪੁੁਨੀਤ ਕੌਰ) : – ਪਿਛਲੇ 50 ਸਾਲਾਂ ਵਿੱਚ ਕੀਤੀ ਗਈ ਤਰੱਕੀ ਨੇ ਅੱਜ ਧਰਤੀ ‘ਤੇ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ। ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੰਗਲ ਕੱਟ ਕੇ ਵਸਾਈਆਂ ਗਈਆਂ ਬਸਤੀਆਂ ਕਾਰਨ ਧਰਤੀ ਤੋਂ ਜੀਵ-ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਵਾਤਾਵਰਨ ਕਾਫ਼ੀ ਤੇਜ਼ੀ ਨਾਲ ਬਦਲ ਰਿਹਾ ਹੈ। ਹਵਾ, ਪਾਣੀ ਤੇ ਮਿੱਟੀ ਆਦਿ ‘ਚ ਪ੍ਰਦੂਸ਼ਣ ਦੀ ਮਾਤਰਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅਜਿਹਾ ਕਿਸੇ ਇੱਕ ਮੁਲਕ ‘ਚ ਨਹੀਂ ਸਗੋਂ ਪੂਰੀ ਦੁਨੀਆ ‘ਚ ਇਹੀ ਹਾਲਾਤ ਹਨ। ਜੀਵ-ਜੰਤੂਆਂ ਦੀ ਹੋਂਦ ਖਤਰੇ ‘ਚ ਹੈ ਕਿਉਂਕਿ ਜੰਗਲਾਂ ਦੀ ਕਟਾਈ , ਉਦਯੋਗਿਕ ਮਕਾਨਾਂ ਦੇ ਨਿਰਮਾਣ ਕਾਰਨ ਧਰਤੀ ਉੱਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅੱਜ ਦੁਨੀਆ ਦੇ 70 ਫੀਸਦੀ ਪਾਣੀ ਦੇ ਸੋਮੇ ਕਾਰਖਾਨਿਆਂ ਦੇ ਰਾਸਾਇਣਿਕ ਪ੍ਰਦੂਸ਼ਣ ਕਾਰਨ ਜ਼ਹਿਰੀਲੇ ਹੋ ਚੁੱਕੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਦੀ ਸੁਰੱਖਿਆ ਲਈ ਵੱਡਾ ਫੈਸਲਾ ਲੈਂਦਿਆਂ SGPC ਦੇ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਉੱਤੇ ਇੱਕ-ਇੱਕ ਏਕੜ ਵਿੱਚ ਜੰਗਲ ਲਗਾਉਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਮੱਤੇਵਾੜਾ ਦੇ ਜੰਗਲਾਂ ਨੂੰ ਕੱਟ ਕੇ ਉਦਯੋਗ ਸਥਾਪਤ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜੰਗਲ ਦੀ ਇੱਕ ਇਤਿਹਾਸਕ ਮਾਨਤਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਵਾਤਾਵਰਨ ਨੂੰ ਦਰਕਿਨਾਰ ਕਰਦਿਆਂ ਦਰੱਖਤਾਂ ਦੀ ਕਟਾਈ ਕਰਕੇ ਉਦਯੋਗ ਲਗਾਉਣ ਦੀ ਗੱਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੱਤੇਵਾੜਾ ਦੇ ਜੰਗਲਾਂ ਦੀ ਕਟਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਵਾਤਾਵਰਨ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਹਨ, ਦੂਜੇ ਪਾਸੇ ਜੰਗਲ ਕੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਜੰਗਲਾਂ ਨੂੰ ਕੱਟ ਦਿੱਤਾ ਗਿਆ ਤਾਂ ਇਹ ਮਨੁੱਖਤਾ ਦਾ ਕਤਲ ਹੋਵੇਗਾ।

ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦੇ ਕੰਢੇ ਸਥਿਤ ਇਕਲੌਤੇ ਜੰਗਲ ਮੱਤੇਵਾੜਾ ਨੂੰ ਇੰਡਸਟ੍ਰੀਅਲ ਪਾਰਕ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। 4000 ਏਕੜ ਵਿੱਚ ਫੈਲੇ ਇਸ ਜੰਗਲ ਨੇ ਮੌਜੂਦਾ ਸਮੇਂ ਵਿੱਚ ਜੰਗਲੀ ਜੀਵਾਂ ਦੀਆਂ ਸੈਂਕੜੇ ਕਿਸਮਾਂ ਨੂੰ ਆਪਣੀ ਗੋਦ ਵਿੱਚ ਸਾਂਭਿਆ ਹੋਇਆ ਹੈ। ਹਾਈਵੇਅ ਦੇ ਆਧੁਨਿਕੀਕਰਨ ਤੋਂ ਬਾਅਦ ਪੰਜਾਬ ਵਿੱਚ ਹੁਣ ਸਿਰਫ਼ 3.50 ਫ਼ੀਸਦੀ ਜੰਗਲ ਹੀ ਬਚੇ ਹਨ।

ਹੁਣ ਜ਼ਰੂਰਤ ਹੈ ਕਿ ਸਾਡਾ ਹਰ ਦਿਨ ਵਾਤਾਵਰਨ ਦਿਵਸ ਹੋਵੇ ਤੇ ਧਰਤੀ ਦਾ ਹਰ ਵਿਅਕਤੀ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ, ਨਹੀਂ ਤਾਂ ਜਿਵੇਂ ਧਰਤੀ ਤੋਂ ਹੋਰ ਪ੍ਰਾਣੀਆਂ ਦਾ ਖਾਤਮਾ ਹੋ ਰਿਹਾ ਹੈ, ਇਸੇ ਤਰ੍ਹਾਂ ਮਨੁੱਖ ਵੀ ਨਹੀਂ ਬਚ ਸਕਦਾ। ਸਮਾਜ ਨੂੰ ਚਾਹੀਦਾ ਹੈ ਕਿ ਜਿਵੇਂ ਅਸੀਂ ਬੱਚਿਆਂ ਦੇ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ, ਡਾਕਟਰੀ ਤੇ ਆਰਥਿਕ ਸੁਰੱਖਿਆ ਦੇ ਪ੍ਰਬੰਧਾਂ ‘ਚ ਲੱਗੇ ਰਹਿੰਦੇ ਹਾਂ, ਉਸੇ ਤਰ੍ਹਾਂ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਰੱਖਣ ਲਈ ਸਾਨੂੰ ਯਤਨ ਕਰਨੇ ਪੈਣਗੇ। ਇਸ ਲਈ ਘਰੇਲੂ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਵਾਤਾਵਰਨ ਨੂੰ ਠੀਕ ਕਰਨ ਲਈ ਆਪਣੇ ਰੋਜ਼ਾਨਾ ਜੀਵਨ ‘ਚ ਬਦਲਾਅ ਲਿਆਉਣ, ਪ੍ਰਦੂਸ਼ਣ ਫ਼ੈਲਾਉਣ ਵਾਲੇ ਸਾਧਨਾਂ, ਉਤਪਾਦਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

Exit mobile version