The Khalas Tv Blog Punjab SGPC ਮੈਂਬਰ ਪਰਮਜੀਤ ਕੌਰ ਲਾਂਡਰਾ ਮੁੜ ਅਕਾਲੀ ਦਲ ’ਚ ਸ਼ਾਮਲ
Punjab

SGPC ਮੈਂਬਰ ਪਰਮਜੀਤ ਕੌਰ ਲਾਂਡਰਾ ਮੁੜ ਅਕਾਲੀ ਦਲ ’ਚ ਸ਼ਾਮਲ

ਬਿਊਰੋ ਰਿਪੋਰਟ (ਚੰਡੀਗੜ੍ਹ, 8 ਅਪ੍ਰੈਲ 2026): ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਮੁਹਾਲੀ ਤੋਂ ਸੀਨੀਅਰ ਆਗੂ ਅਤੇ ਐਸ.ਜੀ.ਪੀ.ਸੀ. (SGPC) ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ (ਪੁਨਰ ਸੁਰਜੀਤ) ਨੂੰ ਅਲਵਿਦਾ ਕਹਿ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ’ਚ ਵਾਪਸੀ ਕੀਤੀ ਹੈ। ਲਾਂਡਰਾ ਨੇ ਇਸ ਨੂੰ ਆਪਣੀ ‘ਘਰ ਵਾਪਸੀ’ ਕਰਾਰ ਦਿੱਤਾ ਹੈ।

ਇਸ ਦੌਰਾਨ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਪਹਿਲਾਂ ਦੇ ਮੁਕਾਬਲੇ ਵਧਿਆ ਹੈ। ਗਾਂਧੀ ਅਨੁਸਾਰ, ਸੁਖਬੀਰ ਬਾਦਲ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਹੌਲੀ-ਹੌਲੀ ਦੂਰ ਹੋ ਰਹੀ ਹੈ ਅਤੇ ਹੜ੍ਹਾਂ ਦੌਰਾਨ ਉਨ੍ਹਾਂ ਦੇ ਕੰਮ ਕਰਨ ਦੇ ਅੰਦਾਜ਼ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

ਦੂਜੇ ਪਾਸੇ, ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਕਥਿਤ ਤੌਰ ’ਤੇ ‘ਸਾਜ਼ਿਸ਼’ ਕਹਿਣ ’ਤੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਗੁਨਾਹ ਕਬੂਲਣ ’ਤੇ ਹੀ ਸਜ਼ਾ ਦਿੱਤੀ ਗਈ ਸੀ ਅਤੇ ਇਸ ਨੂੰ ਸਾਜ਼ਿਸ਼ ਕਹਿਣਾ ਧਾਰਮਿਕ ਪਰੰਪਰਾਵਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ।

ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ SOI ਨੂੰ ਕਥਿਤ ਤੌਰ ’ਤੇ “ਸਮੈਕ ਆਰਗੇਨਾਈਜ਼ੇਸ਼ਨ ਆਫ ਇੰਡੀਆ” ਕਹਿਣ ਦੇ ਵਿਰੋਧ ਵਿੱਚ ਕੀਤਾ ਗਿਆ। ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

Exit mobile version