‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਲੰਗਰ ਦੇ ਮਾਮਲੇ ਤੋਂ ਖਰਾਬ ਹੋਇਆ ਮੂਡ ਹੁਣ ਕੁੱਝ ਬਦਲਿਆ ਲੱਗ ਰਿਹਾ ਹੈ।ਕੱਲ੍ਹ ਤਿੱਖੇ ਸ਼ਬਦਾਂ ਵਿੱਚ ਚੜੂਨੀ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਸੀ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ ਫੋਨ ਕਰਕੇ ਕਰਨਾਲ ਧਰਨੇ ਲਈ ਕਿਸਾਨਾਂ ਵਾਸਤੇ ਲੰਗਰ ਪਹੁੰਚਾਉਣ ਦੀ ਮੰਗ ਕੀਤੀ ਹੈ। ਧਰਨੇ ਤੋਂ ਹੀ ਬਿਆਨ ਦਿੰਦਿਆਂ ਚੜੂਨੀ ਨੇ ਸਾਫ ਕੀਤਾ ਸੀ ਕਿ ਸੁਖਬੀਰ ਬਾਦਲ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ, ਵੱਖ-ਵੱਖ ਗੁਰੂਦੁਆਰੇ ਆਪਣੇ ਆਪ ਸੇਵਾ ਕਰ ਰਹੇ ਹਨ। ਨਾਢਾ ਸਾਹਿਬ ਤੋਂ ਵੀ ਲੰਗਰ ਕਰਨਾਲ ਪਹੁੰਚ ਰਿਹਾ ਹੈ।
ਚੜੂਨੀ ਦਾ ਗੁੱਸਾ ਇੰਨਾ ਤੇਜ ਸੀ ਕਿ ਉਨ੍ਹਾਂ ਸਿੱਧਾ ਕਿਹਾ ਬਾਦਲ ਸਾਹਿਬ ਕੋਈ ਠੇਕੇਦਾਰ ਨਹੀਂ ਹੋ ਗਏ ਹਨ ਕਿ ਉਨ੍ਹਾਂ ਦੇ ਕਹਿਣ ‘ਤੇ ਹੀ ਲੰਗਰ ਆਵੇਗਾ ਤੇ ਨਾ ਹੀ ਮੇਰੀ ਕੋਈ ਮਿੱਤਰਤਾ ਜਾਂ ਰਿਸ਼ਤੇਦਾਰੀ ਹੈ ਕਿ ਫੋਨ ਕਰਕੇ ਲੰਗਰ ਭੇਜਣ ਲਈ ਕਹਾਂਗਾ।ਉਨ੍ਹਾਂ ਕਿਹਾ ਧਰਨੇ ਲਈ ਲੰਗਰ ਸੇਵਾ ਆਪਣੇ ਆਪ ਹੋ ਰਹੀ ਹੈ ਤੇ ਇਸ ਲਈ ਅਸੀਂ ਜਿੰਨਾ ਧੰਨਵਾਦ ਕਰੀਏ ਥੋੜ੍ਹਾ ਹੈ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਮੇਰੇ ਵੱਲੋਂ ਲੰਗਰ ਮੰਗਣ ਦੀ ਗੱਲ ਕਿਸ ਗੱਲੋਂ ਉਡਾਈ ਹੈ, ਇਹ ਬਾਦਲ ਹੀ ਜਾਣਦੇ ਹਨ ਪਰ ਸੱਚਾਈ ਇਹ ਹੈ ਕਿ ਪੰਜਾਬ ਅੰਦਰ ਹੁਣ ਇਨ੍ਹਾਂ ਦੀ ਰੈਪੋਟੀਸ਼ਨ ਖਰਾਬ ਹੈ।
ਦੂਜੇ ਪਾਸੇ ਸ਼ਿਰੋਮਣੀ ਕਮੇਟੀ ਦੇ ਫੇਸਬੁੱਕ ਪੇਜ ਉੱਤੇ ਕਰਨਾਲ ਵਿੱਚ ਕਮੇਟੀ ਦੇ ਸੇਵਾਦਾਰਾਂ ਵੱਲੋਂ ਲੰਗਰ ਵਰਤਾਉਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਧਰਨੇ ਵਿੱਚ ਸਕੱਤਰ ਪੱਧਰ ਦੇ ਮੋਹਤਬਰਾਂ ਵੱਲੋਂ ਲੰਗਰ ਲੈ ਕੇ ਜਾਣ ਦੇ ਬੀਬੀ ਜਗੀਰ ਕੌਰ ਦੇ ਬਿਆਨ ਨੂੰ ਜੇਕਰ ਦੇਖਿਆ ਜਾਵੇ ਤਾਂ ਤਸਵੀਰਾਂ ਵਿੱਚ ਗੁਰਨਾਮ ਸਿੰਘ ਚੜੂਨੀ ਇਨ੍ਹਾਂ ਮੋਹਤਬਰਾਂ ਨਾਲ ਚੰਗੇ ਮੂਡ ਵਿੱਚ ਨਜਰ ਆ ਰਹੇ ਹਨ ਤੇ ਕਰਨਾਲ ਵਿਖੇ ਚੱਲ ਕਿਸਾਨੀ ਅੰਦੋਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਗਰ ਸੇਵਾਵਾਂ ਵੀ ਵੇਖੀਆਂ ਜਾ ਸਕਦੀਆਂ ਹਨ।
ਇਹ ਹੋ ਸਕਦਾ ਹੈ ਫੋਨ ਕਾਲ ਦਾ ਮਾਮਲਾ ਸੁਲਝ ਗਿਆ ਹੋਵੇ ਤੇ ਚੜੂਨੀ ਦੀ ਨਾਰਾਜਗੀ ਵੀ ਕਮੇਟੀ ਵੱਲੋਂ ਦੂਰ ਕਰ ਲਈ ਗਈ ਹੋਵੇ, ਕਿਉਂ ਕਿ ਫੋਨ ਉੱਤੇ ਲੰਗਰ ਮੰਗਣ ਦੀ ਖਬਰ ਜਿੱਥੇ ਚੜੂਨੀ ਦਾ ਮੂਡ ਖਰਾਬ ਕਰ ਰਹੀ ਸੀ, ਉੱਥੇ ਹੀ ਸੁਖਬੀਰ ਬਾਦਲ ਵੀ ਕਿਸਾਨਾਂ ਦੇ ਨਿਸ਼ਾਨੇ ਉੱਤੇ ਆ ਗਏ ਸਨ।
ਹਾਲਾਂਕਿ ਬੀਬੀ ਜਗੀਰ ਨੇ ਫਿਰ ਕਿਹਾ ਹੈ ਕਿ ਜੇਕਰ ਚੜੂਨੀ ਨੇ ਫੋਨ ਕਰਕੇ ਲੰਗਰ ਮੰਗਿਆ ਹੈ ਤਾਂ ਆਪਣੀ ਗੱਲ ਤੋਂ ਮੁਕਰਨਾ ਨਹੀਂ ਚਾਹੀਦਾ। ਇਸ ਨਾਲ ਕੋਈ ਪਾਪ ਨਹੀਂ ਹੋ ਗਿਆ।