The Khalas Tv Blog Punjab SGPC ਨੇ ਜਤਾਇਆ ਇਹਨਾਂ ਕਿਤਾਬਾਂ ‘ਚ ਸਿੱਖਾਂ ਦਾ ਗਲਤ ਅਕਸ ਪੇਸ਼ ਕਰਨ ‘ਤੇ ਇਤਰਾਜ਼
Punjab

SGPC ਨੇ ਜਤਾਇਆ ਇਹਨਾਂ ਕਿਤਾਬਾਂ ‘ਚ ਸਿੱਖਾਂ ਦਾ ਗਲਤ ਅਕਸ ਪੇਸ਼ ਕਰਨ ‘ਤੇ ਇਤਰਾਜ਼

ਅੰਮ੍ਰਿਤਸਰ : ਐਨਸੀਈਆਰਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ’ਚ ਸਿੱਖਾਂ ਸਬੰਧੀ ਗਲਤ ਜਾਣਕਾਰੀ ਦੇਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਨਸੀਈਆਰਟੀ ਸਿੱਖਾਂ ਨਾਲ ਸਬੰਧਤ ਇਤਿਹਾਸਕ ਵੇਰਵਿਆਂ ਨੂੰ ਗਲਤ ਅਰਥਾਂ ’ਚ ਪੇਸ਼ ਕਰ ਰਿਹਾ ਹੈ।

ਇਸ ਗੱਲ ਦਾ ਸਬੂਤ ਇਥੋਂ ਮਿਲਦਾ ਹੈ ਕਿ ਹਾਲ ਹੀ ਵਿਚ ਹੀ ਬਾਰ੍ਹਵੀਂ ਜਮਾਤ ਦੀ ਕਿਤਾਬ ‘ਸੁਤੰਤਰ ਭਾਰਤ ’ਚ ਰਾਜਨੀਤੀ’ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ, ਇਸ ਲਈ ਐਨਸੀਈਆਰਟੀ ਇਸ ਨੂੰ ਤੁਰੰਤ ਹਟਾਏ।

ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਹੈ ਕਿ ਇਸ ਦੇ ਨਾਲ ਹੀ ਬਾਰ੍ਹਵੀਂ ਦੀ ਕਿਤਾਬ ’ਚੋਂ ਕੁਝ ਜਾਣਕਾਰੀਆਂ ਹਟਾਉਣ ਅਤੇ ਕੁਝ ਨਵੀਆਂ ਸ਼ਾਮਲ ਕਰਨ ਸਮੇਂ ਫਿਰਕੂਪੱਖ ਤੋਂ ਕਾਰਵਾਈ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਜੋ ਮੌਜੂਦਾ ਕੇਂਦਰ ਸਰਕਾਰ ਦੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕੀਤੇ ਜਾ ਰਹੇ ਹਨ ਅਤੇ ਮਨਮਰਜੀ ਦਾ ਸਿਲੇਬਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਅਨੁਸਾਰ ਸੋਚੀ ਸਮਝੀ ਚਾਲ ਤਹਿਤ ਹੀ ‘ਸੁਤੰਤਰ ਭਾਰਤ ’ਚ ਰਾਜਨੀਤੀ’ ਪੁਸਤਕ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਕੀਤੀ ਗਈ ਹੈ।

ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਇਤਿਹਾਸਕ ਦਸਤਾਵੇਜ਼ ਦੱਸਦੇ ਹੋਏ ਧਾਮੀ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਵੀ ਗਲਤ ਗੱਲ ਸ਼ਾਮਲ ਨਹੀਂ ਹੈ। ਇਸ ਵਿਚ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਅਜਿਹੇ ਹੀ ਹਾਲਾਤ ਹਨ। ਸੂਬਿਆਂ ਦੇ ਹੱਕਾਂ ਅਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਜਿਵੇਂ ਜਾਣਬੁਝ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਪ੍ਰਤੀ ਗਲਤ ਧਾਰਨਾਵਾਂ ਪੈਦਾ ਕਰਕੇ ਵਿਰੋਧੀ ਬ੍ਰਿਤਾਂਤ ਸਿਰਜਿਆ ਜਾ ਰਿਹਾ ਹੈ।

 

ਧਾਮੀ ਦੇ ਕੇਂਦਰ ਸਰਕਾਰ ‘ਤੇ ਇਲਜ਼ਾਮ 

ਮੀਡੀਆ ਦੇ ਮੁਤਾਬਕ ਹੁੰਦੇ ਹੋਏ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇਕਰ ਸਰਕਾਰਾਂ ਨੇ ਸਿੱਖਾਂ ਦਾ ਇਤਿਹਾਸ ਛਾਪਣਾ ਹੈ ਤਾਂ ਸਿੱਖਾਂ ਦੀ ਪ੍ਰਤਿਨੀਧਤਵ ਜਮਾਤ ਨੂੰ ਵਿੱਚ ਲੈ ਲੈਣਾ ਚਾਹੀਦਾ ਹੈ ਤੇ ਇਹ ਹਰ ਧਰਮ ਦੇ ਮਾਮਲੇ ਵਿੱਚ ਹੋਣਾ ਚਾਹੀਦਾ ਹੈ।

ਕਿਤਾਬਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਬਣਾ ਕੇ ਪੇਸ਼ ਕਰਨਾ ਇੱਕ ਬਹੁਤ ਮਾੜੀ ਗੱਲ ਹੈ। ਇਹ ਫੈਡਰਲ ਸਿਸਟਮ ਦਾ ਸਭ ਤੋਂ ਵਧੀਆ ਮਤਾ ਹੈ ਤੇ ਜੇਕਰ ਇਹ ਲਾਗੂ ਹੋ ਜਾਵੇ ਤਾਂ ਸਾਰੇ ਸੂਬਿਆਂ ਵਿੱਚ ਫੈਲ ਰਹੀ ਬੇਚੈਨੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਧਾਮੀ ਨੇ ਇਸ ਸਾਰੀ ਕਾਰਵਾਈ ਨੂੰ ਇੱਕ ਕੋਝੀ ਚਾਲ ਦੱਸਿਆ ਹੈ ਤੇ ਕਿਹਾ ਹੈ ਕਿ ਸਰਕਾਰਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਉਹਨਾਂ ਸਰਕਾਰ ‘ਤੇ ਇਤਿਹਾਸ ਨੂੰ ਵਿਗਾੜਨ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਇਹ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਕੌਮ ਦਾ ਆਉਣ ਵਾਲਾ ਭਵਿੱਖ ਵਿਗਾੜਿਆ ਜਾ ਸਕੇ। ਕਿਸੇ ਵੀ ਧਰਮ ਨਾਲ ਸੰਬੰਧਿਤ ਇਸ ਤਰਾਂ ਗਲਤ ਜਾਣਕਾਰੀ ਨੂੰ ਛਾਪਣ ਤੋਂ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।

 

ਸ਼੍ਰੀ ਅਨੰਦਪੁਰ ਸਾਹਿਬ ਮਤਾ ਕੀ ਸੀ ? 

ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 ‘ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਅਨੰਦਪੁਰ ਸਾਹਿਬ ਦਾ ਮਤਾ ਪੈ ਗਿਆ। ਇਸ ਤੋਂ ਬਾਅਦ 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ।

ਮੰਗਾਂ

1. ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਹ ਗੱਲ ਨੂੰ ਮੁੱਖ ਰੱਖਦਿਆਂ ਅਮੇਰਿਕਾ, ਕੈਨੇਡਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ।

2. ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ, ਪਹਿਲਾ ਪਾਣੀਆਂ ਦੇ ਕਬਜੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ।

3. ਦੇਸ਼ ਦੇ ਕਾਨੂੰਨੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜੋ ਕਿ ਹੁਣ ਸਿਰਫ ਗਾਂਧੀ ਦੀ ਲੱਗੀ ਹੈ।

4. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤੇ ਜਾਂਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ ਜਿਵੇਂ ਹਰਿਦੁਆਰ, ਰਿਸ਼ੀਕੇਸ਼, ਬਗੈਰਾ ਇਸੇ ਤਰਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।

5. ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫ਼ਸਲ ਜਿਵੇਂ ਕਣਕ, ਝੋਨਾਂ ਦੀ ਕੀਮਤ ਪੰਜਾਬ ਸਰਕਾਰ ਤੈਅ ਕਰੇਗੀ। ਤਾਂ ਜੋ ਸੈਂਟਰ ਸਰਕਾਰ ਆਪਣੀ ਮਨਮਰਜੀ ਦੇ ਭਾਅ ਤੇ ਨਾਂ ਖਰੀਦ ਸਕੇ, ਜਿਵੇਂ ਕਿ ਅੱਜ ਖਰੀਦ ਰਹੀ ਹੈ ਮਨਮਰਜੀ ਨਾਲ।

6. ਹਿੰਦੂਆਂ ਦੇ ਚਾਰ ਵੱਡੇ ਧਾਮਾਂ ਉੱਤੇ, ਚਾਰ ਵੱਡੇ ਅਕਾਸ਼ਬਾਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ, ਸੋ ਇਸ ਤਰਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟ੍ਰਾਂਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੁਰਾਡੇ ਸਿੱਖ ਗੁਰਬਾਣੀ ਸੁਣ ਸਕਣ ਜਿਸ ਦਾ ਖਰਚਾ ਵੀ ਸਿੱਖ ਆਪ ਦੇਣਗੇ।

7. ਜੋ 1947 ਤੋਂ ਪਹਿਲਾਂ ਅੰਗਰੇਜਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜਿਆ ਉਸਦੀ ਸ਼ਹੀਦੀ ਵਾਲੇ ਦਿਨ ਉਸ ਇਲਾਕੇ ਵਿੱਚ ਫੰਡ ਵੰਡੇ ਜਾਣ।

8. ਸਰਕਾਰੀ ਤੌਰ ‘ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ।

9. ਚੰਡੀਗੜ੍ਹ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਜੋ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਸਨ,ਪੰਜਾਬ ਨੂੰ ਦਿੱਤੇ ਜਾਣ।

10. BA ਜਾਂ MA ਜਾਂ ਇਸ ਤੋਂ ਵੱਧ ਪੜਾਈ ਕਰਨ ਵਾਲੇ ਨੂੰ, ਜਿੰਨਾਂ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜਾਈ ਦਾ ਉਤਸ਼ਾਹ ਬਣੇ।

11. ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰੇਆਂ ਨੂੰ ਕਿਤੇ ਵੀ ਪ੍ਰੋਗਰਾਮ ਕਰਨ ਦੀ ਮਨਾਹੀ ਕੀਤੀ ਜਾਵੇ ।

12. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ‘ਤੇ ਕਤਲ ਦਾ ਮੁਕੱਦਮਾਂ ਦਰਜ ਹੋਵੇ ਕਿਉਂਕਿ  ਇਹਨਾਂ ਨੂੰ ਹਾਜਰ ਨਾਜਰ ਪ੍ਰਤੱਖ ਗੁਰੂ ਮੰਨਿਆ ਜਾਂਦਾ ਹੈ।

13. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ,ਜੋ ਕਿ ਬਹੁਤੇ ਹਿੰਦੂ ਹਨ,ਉਹਨਾਂ ਦੀ ਚੂੰਗੀ ਅਤੇ ਦੁਕਾਨਾਂ ਦਾ ਟੈਕਸ ਮੁਆਫ ਕੀਤਾ ਜਾਵੇ।

14. ਪੰਜਾਬ ਤੋਂ ਬਾਹਰ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ,ਪਹਿਲ ਦੇ ਅਧਾਰ ਦੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ।

15. ਹਥਿਆਰ ਲੈਣ ਲਈ ਲਾਈਸੈਂਸ ਬਣਾਉਣ ਦਾ ਤਰੀਕਾ ਅਸਾਨ ਕੀਤਾ ਜਾਵੇ।

16. ਪੰਜਾਬ ਵਿੱਚ ਚੰਗੀ ਪੜਾਈ ਕਰਨ ਵਾਲਿਆਂ ਲਈ ਜਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਵੰਡੇ ਜਾਣ।

17. ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਈਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ ਭਾਵ ਖੁੱਲੇਆਮ ਬਿਨਾਂ ਲਾਈਸੈਂਸ ਕਿਸੇ ਨੂੰ ਵੀ ਖਾਣ ਅਤੇ ਵੇਚਣ ਦੀ ਸਖ਼ਤ ਮਨਾਹੀ ਹੋਵੇ।

18. ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੇ ਪੁਲਿਸ ਸਟੇਸ਼ਨ ਨਾਂ ਲੈਕੇ ਜਾਇਆ ਜਾਵੇ ਕਿਉਂਕਿ ਉੱਥੇ ਔਰਤਾਂ ਦੀ ਬੇਪੱਤੀ ਹੁੰਦੀ ਹੈ।

Exit mobile version