The Khalas Tv Blog India ਦਸਤਾਰਾਂ ਸਜਾ ਕੇ ਦਰਬਾਰ ਸਾਹਿਬ ਪਹੁੰਚੇ ਹਾਕੀ ਖਿਡਾਰੀਆਂ ਨੂੰ ਮਿਲਿਆ ਇੱਕ ਕਰੋੜ
India Punjab

ਦਸਤਾਰਾਂ ਸਜਾ ਕੇ ਦਰਬਾਰ ਸਾਹਿਬ ਪਹੁੰਚੇ ਹਾਕੀ ਖਿਡਾਰੀਆਂ ਨੂੰ ਮਿਲਿਆ ਇੱਕ ਕਰੋੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚੋਂ ਕਾਂਸੇ ਦਾ ਤਗਮਾ ਜਿੱਤ ਕੇ ਮੁੜੀ ਹਾਕੀ ਟੀਮ ਨੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼ਿਰੋਮਣੀ ਕਮੇਟੀ ਨੇ ਖਿਡਾਰੀਆਂ ਦਾ ਉਚੇਚਾ ਸਨਮਾਨ ਕਰਨ ਲਈ ਪ੍ਰੋਗਰਾਮ ਕਰਵਾਇਆ ਤੇ ਆਪਣੇ ਐਲਾਨ ਮੁਤਾਬਿਕ ਸਮੁੱਚੀ ਟੀਮ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ।ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਵੀ ਕੀਤਾ ਗਿਆ।

ਇਸ ਮੌਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਹੋਰ ਵਿਧਾਇਕ ਅਤੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ ਤੇ ਪੰਜਾਬ ਦਾ ਸੰਸਾਰ ਪੱਧਰ ਉੱਤੇ ਖਾਸਕਰਕੇ ਔਰਤਾਂ ਦਾ ਸਿਰ ਉੱਚਾ ਕੀਤਾ ਹੈ।

ਉਨ੍ਹਾਂ ਸਾਰੇ ਖਿਡਾਰੀਆਂ ਨੂੰ ਕਿਹਾ 2024 ਦੀਆਂ ਖੇਡਾਂ ਲਈ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਅਰਦਾਸ ਕਰਕੇ ਜਾਇਓ ਤੇ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਤੇ ਅਗਲੀ ਵਾਰ ਟੀਮ ਪਹਿਲੇ ਨੰਬਰ ਉੱਤੇ ਆਵੇਗੀ।ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਹ ਇਨਾਮ ਸਿਰਫ ਪੰਜਾਬੀ ਜਾਂ ਸਿੱਖ ਖਿਡਾਰੀਆਂ ਲ਼ਈ ਨਹੀਂ ਹੈ, ਸਗੋਂ ਇਹ ਸਾਰੀ ਟੀਮ ਲਈ ਹੈ, ਫਿਰ ਟੀਮ ਵਿਚਲਾ ਖਿਡਾਰੀ ਕਿਸੇ ਵੀ ਧਰਮ, ਫਿਰਕੇ ਨਾਲ ਸੰਬੰਧਤ ਕਿਉਂ ਨਾ ਹੋਵੇ।

ਸਵਾਗਤੀ ਪੰਡਾਲ ਵਿਚ ਇਕ-ਇਕ ਖਿਡਾਰੀ ਨੂੰ ਪੰਜ-ਪੰਜ ਲੱਖ ਰੁਪਏ ਦੀ ਇਨਾਮੀ ਰਕਮ ਦਿੱਤੀ ਗਈ। ਇਸ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਵੀ ਹਾਜ਼ਰ ਸੀ।ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਵੀ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਇਨ੍ਹਾਂ ਸਾਰੇ ਖਿਡਾਰੀਆਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ।

ਇਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਭਾਰਤੀ ਟੀਮ ਦੇ ਇਥੇ ਪੁੱਜੇ ਹਾਕੀ ਖਿਡਾਰੀਆਂ ਵਿੱਚ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ,ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਰੁਪਿੰਦਰਪਾਲ ਸਿੰਘ ਅਤੇ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹਾਕੀ ਟੀਮ ਦੇ ਕੋਚ ਤੇ ਹੋਰ ਪ੍ਰਬੰਧਕ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਖਿਡਾਰੀ ਵੀ ਸਨ।

Exit mobile version