ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ (SGPC) ਨੇ ਅਰਚਨਾ ਮਕਵਾਨਾ ਵੱਲੋਂ ਪ੍ਰਕਰਮਾ ਅੰਦਰ ਯੋਗ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਜਰੀਏ ਫੈਲਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗ ਆਸਣ ਕਰਕੇ ਇਸ ਦੀ ਤਸਵੀਰ ਫੈਲਾਈ ਸੀ। ਇਸ ਦੀ ਸੀਸੀਟੀ ਕੈਮਰਿਆਂ ਦੁਆਰਾ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਕੇਵਲ 5 ਸਕਿੰਟ ਦੇ ਕਰੀਬ ਇਸ ਹਰਕਤ ਨੂੰ ਲੜਕੀ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ।
ਦੱਸ ਦੇਈਏ ਕੌਮਾਂਤਰੀ ਯੋਗ ਦਿਵਸ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਆਸਣ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਮੁਆਫ਼ੀ ਮੰਗ ਲਈ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਕਰਕੇ ਕਿਹਾ ਹੈ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਆਪਣੀ ਪੋਸਟ ਵਿੱਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਟੈਗ ਕੀਤਾ ਹੈ। ਉਸ ਦੀ ਯੋਗ ਆਸਣ ਵਾਲੀ ਪੋਸਟ ਨੂੰ ਲੋਕਾਂ ਵੱਲੋਂ ਕਾੜੀ ਟਰੋਲ ਵੀ ਕੀਤਾ ਗਿਆ ਸੀ।