ਬਿਊਰੋ ਰਿਪੋਰਟ (ਸ੍ਰੀ ਆਨੰਦਪੁਰ ਸਾਹਿਬ, 21 ਨਵੰਬਰ 2025): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ-ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਚਾਂਦੀ ਦੇ 5 ਜੋੜੀ ਨਵੇਂ ਦਰਵਾਜ਼ੇ ਲਗਾਉਣ ਦੀ ਸੇਵਾ ਮੁਕੰਮਲ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ। ਅੱਜ ਦਰਵਾਜ਼ੇ ਲਗਾਉਣ ਦੀ ਸੇਵਾ ਦੀ ਆਰੰਭਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕਰਕੇ ਕੀਤੀ।
ਪੌਣੇ ਦੋ ਕਰੋੜ ਦੀ ਲਾਗਤ ਨਾਲ ਹੋਈ ਸੇਵਾ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸੇਵਾ ਦੀ ਜ਼ਿੰਮੇਵਾਰੀ ਕਾਰ-ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਨੇ ਲਈ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਲਗਭਗ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਇਹ 5 ਜੋੜੀ ਦਰਵਾਜ਼ੇ ਲਗਾ ਦਿੱਤੇ ਗਏ ਹਨ, ਜਦਕਿ ਦੋ ਹੋਰ ਦਰਵਾਜ਼ੇ ਲਗਾਉਣੇ ਬਾਕੀ ਹਨ। ਇਹ ਮਹਾਨ ਸੇਵਾ ਗੁਰੂ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ।
ਮੌਕੇ ’ਤੇ ਮੌਜੂਦ ਸ਼ਖਸੀਅਤਾਂ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਬਾਬਾ ਸਤਨਾਮ ਸਿੰਘ (ਕਿਲ੍ਹਾ ਅਨੰਦਗੜ੍ਹ), ਬਾਬਾ ਨਰਿੰਦਰ ਸਿੰਘ (ਹਜ਼ੂਰ ਸਾਹਿਬ), ਬਾਬਾ ਗੁਰਦੇਵ ਸਿੰਘ (ਸ਼ਹੀਦੀ ਬਾਗ), ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ (ਦਿੱਲੀ), ਬਾਬਾ ਅਵਤਾਰ ਸਿੰਘ (ਟਿੱਬੀ ਸਾਹਿਬ) ਅਤੇ ਹੋਰ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

