ਬਿਊਰੋ ਰਿਪੋਰਟ (ਅੰਮ੍ਰਿਤਸਰ, 12 ਅਕਤੂਬਰ): ਸ੍ਰੀ ਹਰਿਮੰਦਰ ਸਾਹਿਬ ’ਤੇ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਤੰਬਰਮ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਚਿਤੰਬਰਮ ਨੇ ਦਿੱਲੀ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਮੁਕਤ ਕਰਵਾਉਣ ਲਈ ਜੋ ਤਰੀਕਾ ਅਪਣਾਇਆ ਗਿਆ, ਉਹ ਗ਼ਲਤ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਫ਼ੈਸਲਾ ਸਿਰਫ਼ ਇੰਦਰਾ ਗਾਂਧੀ ਦਾ ਨਹੀਂ ਸੀ, ਸਗੋਂ ਇਹ ਸੈਨਾ, ਪੁਲਿਸ, ਖੁਫੀਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦਾ ਸਾਂਝਾ ਫ਼ੈਸਲਾ ਸੀ।
ਚਿਤੰਬਰਮ ਨੇ ਕਿਹਾ – “ਗੋਲਡਨ ਟੈਂਪਲ ਨੂੰ ਮੁੜ ਆਪਣੇ ਹੱਥ ’ਚ ਲੈਣ ਦਾ ਤਰੀਕਾ ਗ਼ਲਤ ਸੀ। ਤਿੰਨ-ਚਾਰ ਸਾਲ ਬਾਅਦ ਅਸੀਂ ਬਿਨਾਂ ਸੈਨਾ ਦੀ ਮਦਦ ਨਾਲ ਸਹੀ ਤਰੀਕਾ ਵਿਖਾਇਆ।” ਉਨ੍ਹਾਂ ਮੰਨਿਆ ਕਿ ਇਸ ਗ਼ਲਤੀ ਦੀ ਕੀਮਤ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਈ।
SGPC ਦਾ ਪ੍ਰਤੀਕਿਰਿਆ: “100 ਝੂਠ ਇਕ ਸੱਚ ਨਹੀਂ ਬਣਾਉਂਦੇ”
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਨੇ ਚਿਤੰਬਰਮ ਦੇ ਬਿਆਨ ਨੂੰ “ਅਧੂਰਾ ਸੱਚ” ਦੱਸਿਆ ਹੈ। ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, “ਉਹ ਕਹਿੰਦੇ ਹਨ ਕਿ ਇਹ ਹਮਲਾ ਇੰਦਰਾ ਗਾਂਧੀ ਦਾ ਇਕਲੌਤਾ ਫ਼ੈਸਲਾ ਨਹੀਂ ਸੀ। ਪਰ ਇਹ ਕਹਿਣਾ ਗ਼ਲਤ ਹੈ। ਪ੍ਰਧਾਨ ਮੰਤਰੀ ਦੇ ਆਪਣੇ ਅਧਿਕਾਰ ਹੁੰਦੇ ਹਨ, ਅਤੇ ਏਜੰਸੀਆਂ ਉਹਨਾਂ ਦੇ ਹੁਕਮ ’ਤੇ ਕੰਮ ਕਰਦੀਆਂ ਹਨ। ਇਹ ਆਪ੍ਰੇਸ਼ਨ ਯੋਜਨਾਬੱਧ ਸੀ, ਜੋ ਇੰਦਰਾ ਗਾਂਧੀ ਨੇ ਆਪਣੇ ਰਾਜਨੀਤਿਕ ਮੰਚ ਨੂੰ ਬਚਾਉਣ ਲਈ ਕੀਤਾ ਸੀ।”
ਗਰੇਵਾਲ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਆਪਣੀ ਗੁੰਮ ਹੋ ਰਹੀ ਰਾਜਨੀਤਿਕ ਪਕੜ ਮੁੜ ਹਾਸਲ ਕਰਨ ਲਈ ਸਿੱਖਾਂ ’ਤੇ ਹਮਲਾ ਕਰਵਾਇਆ। ਉਨ੍ਹਾਂ ਦੇ ਮੁਤਾਬਕ, “ਇਹ ਸਿਰਫ਼ ਧਾਰਮਿਕ ਨਹੀਂ, ਸਗੋਂ ਰਾਜਨੀਤਿਕ ਫ਼ੈਸਲਾ ਸੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਕਾਂਗਰਸ ਦੇ ਕੁਝ ਵੱਡੇ ਨੇਤਾ ਇਸਨੂੰ ਜਾਇਜ਼ ਠਹਿਰਾਉਂਦੇ ਰਹੇ। ਗਰੇਵਾਲ ਨੇ ਕਿਹਾ ਕਿ “ਅੱਜ ਜਦੋਂ ਰਾਹੁਲ ਗਾਂਧੀ ਗੋਲਡਨ ਟੈਂਪਲ ਨਤਮਸਤਕ ਹੁੰਦੇ ਹਨ, ਤਾਂ ਉਹਨਾਂ ਨੂੰ ਆਪਣੇ ਨਾਲ ਬੈਠੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਭੂਮਿਕਾ ਬਾਰੇ ਵੀ ਬੋਲਣਾ ਚਾਹੀਦਾ ਹੈ।”
ਐਸ.ਜੀ.ਪੀ.ਸੀ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਸਿਰਫ਼ ਇਕ “ਗਲਤ ਤਰੀਕਾ” ਨਹੀਂ ਸੀ, ਸਗੋਂ ਇਕ “ਯੋਜਨਾਬੱਧ ਹਮਲਾ” ਸੀ ਜਿਸ ਨਾਲ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਗਹਿਰੀ ਸੱਟ ਲੱਗੀ।