The Khalas Tv Blog Punjab ਜਣੇ-ਖਣੇ ਨੂੰ ਨਹੀਂ ਮਿਲੇਗਾ ਸਿਰੋਪਾਉ ਦਾ ਸਨਮਾਨ
Punjab

ਜਣੇ-ਖਣੇ ਨੂੰ ਨਹੀਂ ਮਿਲੇਗਾ ਸਿਰੋਪਾਉ ਦਾ ਸਨਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਤੋਂ ਹਰ ਕਿਸੇ ਨੂੰ ਸਿਰੋਪਾਉ ਦੇਣ ਉੱਤੇ ਰੋਕ ਲਾ ਦਿੱਤੀ ਹੈ। ਧਾਮੀ ਨੇ ਕਿਹਾ ਕਿ ਸਿਰੋਪਾ ਹਰ ਕਿਸੇ ਨੂੰ ਨਹੀਂ ਦਿੱਤਾ ਜਾਂਦਾ। ਇਹ ਤਾਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਕਿਸੇ ਕਾਬਿਲ ਸਿੱਖ ਨੂੰ ਸਿਰੋਪਾ ਦਿੱਤਾ ਜਾਂਦਾ ਹੈ। ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਜੇ ਕਿਸੇ ਨੂੰ ਮਾਣ ਇੱਜ਼ਤ ਦੇਣੀ ਹੈ ਤਾਂ ਉਸਨੂੰ ਕਿਤਾਬਾਂ ਦਿੱਤੀਆਂ ਜਾਣ ਕਿਉਂਕਿ ਸਾਰਾ ਖਰਚਾ ਗੁਰੂ ਦੀ ਗੋਲਕ ਵਿੱਚੋਂ ਹੁੰਦਾ ਹੈ। ਇਸ ਲਈ ਸਾਰੇ ਸਕੂਲ, ਕਾਲਜਾਂ ਵਿੱਚ ਸਿਰੋਪਾ ਦੇਣ ਨੂੰ ਬੰਦ ਕੀਤਾ ਗਿਆ ਹੈ ਅਤੇ ਨਾ ਹੀ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ, ਸਿਰਫ਼ ਕਿਤਾਬਾਂ ਦਿੱਤੀਆਂ ਜਾਣਗੀਆਂ।

ਧਾਮੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਿਲ ਹੋਏ। ਇਸ ਮੌਕੇ ਧਾਮੀ ਨੇ 40 ਮੁਕਤਿਆਂ ਦਾ ਇਤਿਹਾਸ ਦੱਸਦਿਆਂ ਸ਼ਹੀਦ ਸਿੰਘਾਂ ਨੂੰ ਸਿਜਦਾ ਕੀਤਾ। ਧਾਮੀ ਨੇ ਕਿਹਾ ਕਿ ਹੋਰ ਕੌਮਾਂ ਵਿੱਚ ਸ਼ਹੀਦਾਂ ਦੀ ਯਾਦ ਨੂੰ ਹੋਰ ਢੰਗ ਨਾਲ ਮਨਾਇਆ ਜਾਂਦਾ ਹੈ, ਉਨ੍ਹਾਂ ਨੂੰ ਰੋ ਕੇ ਯਾਦ ਕੀਤਾ ਜਾਂਦਾ ਹੈ ਪਰ ਗੁਰੂ ਦਾ ਸਿੱਖ ਸ਼ਹੀਦਾਂ ਨੂੰ ਸ਼ਹੀਦੀ ਜੋੜ ਮੇਲੇ ਵਿੱਚ ਮਨਾਉਂਦਾ ਹੈ। ਧਾਮੀ ਨੇ ਅਮਰੀਕਾ ਵਿੱਚ ਰਹਿੰਦੇ ਥਮਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਕਾਰਜ ਕੀਤਾ ਹੈ। ਥਮਿੰਦਰ ਸਿੰਘ ਵੱਲੋਂ ਗੁਰਬਾਣੀ ਦੇ ਨਾਲ ਕੀਤੀ ਗਈ ਛੇੜਛਾੜ ਕੌਮ ਅੱਗੇ ਬਹੁਤ ਵੱਡੀ ਚੁਣੌਤੀ ਸੀ। ਧਾਮੀ ਨੇ ਕਿਹਾ ਕਿ ਅੱਗੇ ਹੋਰ ਵੀ ਕਈ ਸਿੱਖ ਸ਼ਤਾਬਦੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ। ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਪਾਕਿਸਤਾਨ ਵਿੱਚ ਵੀ ਮਨਾਉਣ ਦਾ ਯਤਨ ਕੀਤਾ ਜਾਵੇਗਾ। ਇੱਧਰ ਵੀ ਸਬ ਕਮੇਟੀਆਂ ਬਣਾ ਕੇ ਇਹ ਸਾਕਾ ਮਨਾਇਆ ਜਾਵੇਗਾ।

ਇੱਕ ਪੱਤਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹਮੋ ਸਾਹਮਣੇ ਹੋਣ ਦੇ ਪੁੱਛ ਗਏ ਸਵਾਲ ‘ਤੇ ਧਾਮੀ ਨੇ ਕਿਹਾ ਕਿ ਦੋਵਾਂ ਵਿੱਚ ਕੋਈ ਤਕਰਾਰ ਨਹੀਂ ਹੈ। ਧਾਮੀ ਨੇ ਕਿਹਾ ਕਿ ਜੇ ਮੈਂ ਦਿੱਲੀ ਜਾ ਕੇ ਕੋਈ ਧਰਮ ਪ੍ਰਚਾਰ ਦੀ ਗੱਲ ਕਰ ਦਿੱਤੀ ਹੈ ਤਾਂ ਕਾਲਕਾ ਨੂੰ ਵੀ ਚਾਹੀਦਾ ਹੈ ਕਿ ਉਸਦਾ ਸਮਰਥਨ ਦੇਣ। ਮੈਂ ਉੱਥੇ ਲੜਨ ਤਾਂ ਨਹੀਂ ਗਿਆ ਸੀ। ਕਈ ਵਾਰ ਮਨੁੱਖ ਨੂੰ ਆਪਣੇ ਆਪ ਤੋਂ ਆਪ ਹੀ ਖ਼ਤਰਾ ਮਹਿਸੂਸ ਹੋਣ ਲੱਗ ਪੈਂਦਾ ਹੈ। ਦਰਅਸਲ, ਕੱਲ੍ਹ ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਕਮੇਟੀ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਹ ਦਿੱਲੀ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਦੀ ਹੈ। ਧਾਮੀ ਨੇ ਕਿਹਾ ਕਿ ਸਾਨੂੰ ਟਕਰਾਅ ਨਹੀਂ ਰੱਖਣਾ ਚਾਹੀਦਾ।

ਧਾਮੀ ਨੇ ਸਰਕਾਰ ਦੀ ਨਾਕਾਮੀ ਗਿਣਾਉਂਦਿਆਂ ਕਿਹਾ ਕਿ ਜੋ ਕੰਮ ਸਰਕਾਰ ਨੇ ਕਰਨੇ ਹੁੰਦੇ ਹਨ, ਉਹ ਕੰਮ ਸ਼੍ਰੋਮਣੀ ਕਮੇਟੀ ਜਾਂ ਫਿਰ ਆਮ ਨਾਗਰਿਕ ਨੂੰ ਕਰਨੇ ਪੈਂਦੇ ਹਨ ਕਿਉਂਕਿ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੀ ਹੈ। ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਗਲਿਆਰਾ ਬਹੁਤ ਖ਼ੂਬਸੂਰਤ ਬਣਾਇਆ ਸੀ ਪਰ ਅੱਜ ਉੱਥੇ ਸਫ਼ਾਈ ਕਰਨ ਵਾਲਾ ਕੋਈ ਨਹੀਂ ਹੈ।

Exit mobile version