The Khalas Tv Blog Punjab ‘ਗੁਰੂ ਘਰਾਂ ‘ਚ ਬੈਂਚਾਂ ਦਾ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ’ ਤਿੰਨ ਹੁਕਮਨਾਮਿਆਂ ਨਾਲ ਸਮਝੋ ਵਿਵਾਦ ਦੀ ਜੜ੍ਹ
Punjab

‘ਗੁਰੂ ਘਰਾਂ ‘ਚ ਬੈਂਚਾਂ ਦਾ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ’ ਤਿੰਨ ਹੁਕਮਨਾਮਿਆਂ ਨਾਲ ਸਮਝੋ ਵਿਵਾਦ ਦੀ ਜੜ੍ਹ

sgpc on Gurdawara bench contro

ਭਾਈ ਅੰਮ੍ਰਿਤਪਾਲ ਸਿੰਘ ਗੁਰੂ ਘਰ ਵਿੱਚ ਬੈਂਚ ਸਾੜਨ ਨੂੰ ਲੈਕੇ ਕਰ ਰਹੇ ਹਨ ਵਿਰੋਧ

ਬਿਊਰੋ ਰਿਪੋਰਟ : ਗੁਰੂ ਘਰਾਂ ਵਿੱਚੋਂ ਬਾਹਰ ਕੱਢ ਕੇ ਤੋੜੇ ਜਾ ਰਹੇ ਬੈਂਚਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਧਰਮ ਪ੍ਰਚਾਰ ਕਮੇਟੀ ਦੀ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਜਲੰਧਰ ਵਿੱਚ ਬੈਂਚਾਂ ਦੀ ਹੋਈ ਭੰਨਤੋੜ ਦੀ ਨਿਖੇਧੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਅਜਿਹੀਆਂ ਘਟਨਾਵਾਂ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਨਾਲ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਾਮਲੇ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਤੱਕ ਪਹੁੰਚਾਏ ਜਾਣ।

ਸਾਲ 1999 ਵਿੱਚ ਗੁਰਦੁਆਰਾ ਸਾਹਿਬ ਵਿਖੇ ਦਰਬਾਰ ਹਾਲ ਵਿੱਚ ਕੁਰਸੀਆਂ ਜਾਂ ਬੈਂਚ ਡਾਹੇ ਜਾਣ ਦੀ ਮਨਾਹੀ ਕੀਤੀ ਗਈ ਸੀ। ਪਰ 24 ਅਕਤੂਬਰ 2000 ਨੂੰ ਇੱਕ ਮਤਾ ਪਾਸ ਕਰਕੇ ਸਿਰਫ ਸਰੀਰਕ ਤੌਰ ਉੱਤੇ ਅਪੰਗ ਵਿਅਕਤੀਆਂ ਨੂੰ ਦੀਵਾਨ ਹਾਲਾਂ ਅਤੇ ਲੰਗਰ ਹਾਲਾਂ ਵਿੱਚ ਬੈਠਣ ਦੀ ਇਜ਼ਾਜਤ ਦਿੱਤੀ ਗਈ ਸੀ। 8 ਜੁਲਾਈ 2009 ਨੂੰ ਇੱਕ ਹੁਕਮਨਾਮਾ ਜਾਰੀ ਕਰਕੇ ਦੱਸਿਆ ਗਿਆ ਸੀ ਕਿ 2000 ਦੇ ਹੁਕਮਨਾਮੇ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਸਰੀਰਕ ਤੌਰ ਉੱਤੇ ਸਹੀ ਵਿਅਕਤੀ ਵੀ ਦਰਬਾਰ ਹਾਲ ਵਿੱਚ ਕੁਰਸੀਆਂ ਜਾਂ ਬੈਂਚਾਂ ਉੱਤੇ ਬੈਠ ਰਹੇ ਹਨ। ਇਸ ਕਰਕੇ 22 ਨਵੰਬਰ 2013 ਨੂੰ ਇੱਕ ਆਦੇਸ਼ ਜਾਰੀ ਕਰਕੇ ਪਹਿਲੇ ਹੁਕਮਨਾਮੇ ਦੀ ਨਾਜਾਇਜ਼ ਵਰਤੋਂ ਦੇ ਕਾਰਨ ਇੱਕ ਆਦੇਸ਼ ਦਿੱਤਾ ਗਿਆ ਕਿ ਦਰਬਾਰ ਹਾਲ (ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ) ਤੋਂ ਬਾਹਰ ਬਰਾਂਡੇ ਵਿੱਚ ਬੈਂਚ ਲਗਾਏ ਜਾਣ। ਪਰ ਇਸ ਹੁਕਮ ਦੀ ਵੀ ਉਲੰਘਣਾ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਗੁਰਦੁਆਰਾ ਸਾਹਿਬਾਨ ਵਿਖੇ ਫਰਸ਼ਾਂ ਨੂੰ ਨੀਵਾਂ ਕਰਕੇ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਰਕੇ ਅੱਜ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ ਕੀਤੀ ਗਈ ਹੈ।

ਦਰਾਸਲ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ ਖਾਲਸਾ ਵਹੀਰ ਪਹੁੰਚੀ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੇ ਅੰਦਰ ਬੈਂਚ ਰੱਖਣ ਦਾ ਵਿਰੋਧ ਕੀਤਾ । ਜਿਸ ਤੋਂ ਬਾਅਦ ਖਾਲਸਾ ਵਹੀਰ ਵਿੱਚ ਸ਼ਾਮਲ ਸੰਗਤ ਨੇ ਸਾਰੇ ਬੈਂਚਾਂ ਨੂੰ ਬਾਹਰ ਕੱਢ ਕੇ ਅੱਗ ਲਾ ਦਿੱਤੀ । ਜਿਸ ਨੂੰ ਲੈਕੇ ਪ੍ਰਬੰਧਕਾਂ ਵੱਲੋਂ ਕਾਫੀ ਇਤਰਾਜ਼ ਜਤਾਇਆ ਗਿਆ । ਕਮੇਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਗੁਰੂ ਘਰ ਦੇ ਅੰਦਰ ਨੀਵੀਂ ਥਾਂ ਕਰਕੇ ਬੈਂਚ ਲਗਾਏ ਗਏ ਸਨ ਤਾਂਕੀ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਮਾਡਲ ਟਾਊਨ ਗੁਰੂ ਘਰ ਦਾ ਦੌਰਾ ਕੀਤਾ ਸੀ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਸੀ । ਜਿਸ ਤੋਂ ਬਾਅਦ SGPC ਦੀ ਧਰਮ ਪ੍ਰਚਾਰ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ।

Exit mobile version