ਬਿਉਰੋ ਰਿਪੋਰਟ – 11 ਫਰਵਰੀ ਨੂੰ ਅਕਾਲੀ ਦਲ ਵਿੱਚ ਭਰਤੀ ਮੁਹਿੰਮ ਦੀ ਨਿਗਰਾਨੀ ਲਈ ਬਣੀ 7 ਮੈਂਬਰੀ ਕਮੇਟੀ ਦੀ ਦੂਜੀ ਅਹਿਮ ਮੀਟਿੰਗ ਹੋਣੀ ਹੈ। ਪਰ ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 10 ਫਰਵਰੀ ਨੂੰ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਸੱਦ ਲਈ ਹੈ । ਦੱਸਿਆ ਗਿਆ ਹੈ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ SGPC ਦੀਆਂ ਜਨਰਲ ਚੋਣਾਂ ਲਈ ਬਣੀਆਂ ਜਾਲੀ ਵੋਟਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ,ਟ੍ਰਸਟ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜਰੂਰੀ ਮਸਲੇ ਵਿਚਾਰੇ ਜਾਣਗੇ। ਪਰ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਮੁੱਦਿਆਂ ‘ਤੇ ਵੀ ਵਿਚਾਰ ਹੋ ਸਕਦਾ ਹੈ ।
ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੂ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਜਾਂਚ ਲਈ ਬਣਾਈ ਗਈ ਕਮੇਟੀ ਨੂੰ ਮੁੜ ਤੋਂ ਹੋਰ ਸਮਾਂ ਦਿੱਤਾ ਗਿਆ ਸੀ । ਸੂਤਰਾਂ ਦੇ ਮੁਤਾਬਿਕ ਅਕਾਲੀ ਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ‘ਤੇ ਫੈਸਲਾ ਜਲਦ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਦਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਨੂੰ ਲੈ ਕੇ ਤਿਆਰ ਨਹੀਂ ਹਨ ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਇਹ ਕਹਿ ਚੁੱਕੇ ਹਨ ਕਿ ਸ੍ਰੀ ਅਕਾਲ ਤਖਤ ਨੂੰ ਹੀ ਜਥੇਦਾਰ ਸਬੰਧੀ ਜਾਂਚ ਦਾ ਅਧਿਕਾਰ ਹੈ। ਸਿਰਫ਼ ਇੰਨਾਂ ਹੀ ਨਹੀਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੇ ਸਾਹਮਣੇ ਖੜੇ ਹੋ ਕੇ ਸਪੱਸ਼ਟੀਕਰਨ ਦੇ ਚੁੱਕੇ ਹਨ ਤਾਂ ਕਮੇਟੀ ਦੀ ਜ਼ਰੂਰਤ ਨਹੀਂ ਹੈ ।
ਪਿਛਲੇ ਮਹੀਨੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੀ ਗਈ ਸੀ ਪਰ ਬਾਅਦ ਵਿੱਚੋਂ ਇਸ ਨੂੰ ਰੱਦ ਕਰ ਦਿੱਤਾ ਗਿਆ,ਇਸ ਦੇ ਪਿੱਛੇ ਵੱਡਾ ਕਾਰਨ ਦੱਸਿਆ ਜਾ ਰਿਹਾ ਸੀ ਕਿ ਅੰਤ੍ਰਿੰਗ ਕਮੇਟੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ‘ਤੇ ਫਾਈਨਲ ਫੈਸਲਾ ਲਏਗੀ ਉਸ ਤੋਂ ਬਾਅਦ ਹੀ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਵੇਗੀ ।