The Khalas Tv Blog Punjab SGPC ਦੇ ਸਾਬਕਾ ਮੁੱਖ ਸਕੱਤਰ ਦੀ ਮੌਤ ਕੁਦਰਤੀ ਹੋਈ ਜਾਂ ਮਾਨਸਿਕ ਤਣਾਅ ਕਾਰਨ
Punjab

SGPC ਦੇ ਸਾਬਕਾ ਮੁੱਖ ਸਕੱਤਰ ਦੀ ਮੌਤ ਕੁਦਰਤੀ ਹੋਈ ਜਾਂ ਮਾਨਸਿਕ ਤਣਾਅ ਕਾਰਨ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਦੀ ਮੌਤ ‘ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਤਰਲੋਚਨ ਸਿੰਘ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ‘ਚ ਉਨ੍ਹਾਂ ਦਾ ਨਾਂ ਆਉਣ ਮਗਰੋਂ ਉਹ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਸਨ।

ਖ਼ਬਰ ਅਦਾਰੇ ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਿਕ ਤਰਲੋਚਨ ਸਿੰਘ ਨੇ ਦੱਸਿਆ ਕਿ ਹਰਚਰਨ ਸਿੰਘ ਇੱਕ ਬੇਹੱਦ ਇਮਾਨਦਾਰ ਵਿਅਕਤੀ ਸਨ, ਜੋ ਆਪਣੇ ਉੱਪਰ ਲਗਾਏ ਗਏ ਸਰੂਪ ਚੋਰੀ ਦੋਸ਼ਾਂ ਤੋਂ ਭਾਰੀ ਤਣਾਅ ਵਿੱਚ ਸਨ। ਕਿਉਂਕਿ ਅਸਲੀਅਤ ਇਹ ਹੈ ਕਿ ਇਹ ਸਰੂਪ ਗੁਆਚਣ ਦੀ ਘਟਨਾ ਉਨ੍ਹਾਂ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਸੰਭਾਲਣ ਤੋਂ ਪਹਿਲਾਂ ਹੀ ਵਾਪਰ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਜੋਂ ਹਰਚਰਨ ਸਿੰਘ ਨੇ ਸਿੱਖ ਕੌਮ ਦੀ ਵੱਡੀ ਸੇਵਾ ਕੀਤੀ ਤੇ 2 ਸਾਲ ਬਾਅਦ ਅਸਤੀਫ਼ਾ ਇਸ ਕਰ ਕੇ ਦਿੱਤਾ ਸੀ, ਕਿਉਂਕਿ ਉਨ੍ਹਾਂ ‘ਤੇ ਉੱਪਰੋਂ ਆਏ ਹੁਕਮਾਂ ਨੂੰ ਮੰਨਣ ਦਾ ਦਬਾਅ ਸੀ।

 

ਤਰਲੋਚਨ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਵੱਲੋਂ 3 ਲੱਖ ਰੁਪਏ ਤਨਖ਼ਾਹ ਲੈਣ ਦਾ ਵਿਵਾਦ ਛਿੜ ਗਿਆ ਸੀ, ਪਰ ਅਸਲੀਅਤ ਇਹ ਹੈ ਕਿ ਉਹ ਇੰਡੀਅਨ ਐਕਸਪ੍ਰੈੱਸ ਵਿੱਚ 8 ਲੱਖ ਰੁਪਏ ਦੀ ਨੌਕਰੀ ਛੱਡ ਕੇ 3 ਲੱਖ ਦੀ ਨੌਕਰੀ ‘ਤੇ ਲੱਗੇ ਸਨ, ਅਤੇ ਇਹ 3 ਲੱਖ ਰੁਪਏ ਵੀ ਆਪਣੇ ਪਰਿਵਾਰ ਵੱਲੋਂ ਬਣਾਏ ਬਿਰਧ ਆਸ਼ਰਮ ‘ਤੇ ਖ਼ਰਚ ਕਰਦੇ ਸਨ। ਉਹ ਆਪ ਵੀ ਬਿਰਧ ਆਸ਼ਰਮ ਵਿੱਚ ਹੀ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਕੱਲ੍ਹ 4 ਸਤੰਬਰ ਨੂੰ ਦਿੱਲੀ ਵਿੱਚ ਉਨ੍ਹਾਂ ਕੋਲ ਆਏ ਸਨ, ਅਤੇ ਲਗਭਗ ਦੋ ਘੰਟੇ ਗੱਲਬਾਤ ਦੌਰਾਨ ਉਨ੍ਹਾਂ ਆਪਣੀ ਮਾਨਸਿਕ ਤਣਾਅ ਦੀ ਦਸ਼ਾ ਦਾ ਇਜ਼ਹਾਰ ਕੀਤਾ ਸੀ।

ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ‘ਤੇ ਗ਼ਲਤ ਤੁਹਮਤਾਂ ਲਾਈਆਂ ਗਈਆਂ ਸਨ, ਜਿਸ ਤੋਂ ਉਹ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਉਨ੍ਹਾਂ ਵੱਲੋਂ ਅਖ਼ਬਾਰਾਂ ਵਿੱਚ ਤੇ ਕਿਤਾਬਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਤੇ ਹੋਰ ਪੰਥਕ ਮਸਲਿਆਂ ਬਾਰੇ ਕੀਤੀ ਜਾਂਦੀ ਚਰਚਾ ਤੋਂ ਸ਼੍ਰੋਮਣੀ ਕਮੇਟੀ ਔਖੀ ਸੀ, ਅਤੇ ਇਸੇ ਕਰ ਕੇ ਉਨ੍ਹਾਂ ਨੂੰ ਜਾਣ ਬੁੱਝ ਕੇ ਇਸ ਕੇਸ ਵਿੱਚ ਫਸਾਇਆ ਗਿਆ।

 

 

Exit mobile version