ਬਿਉਰੋ ਰਿਪੋਰਟ: ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਚੁਣੌਤੀ ਅਤੇ ਧਮਕੀ ਦਿੱਤੀ ਹੈ। ਪੰਨੂ ਨੇ ਆਪਣੀ ਨਵੀਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ। ਜਿਸ ਵਿੱਚ ਉਸ ਨੇ ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਹਮਲੇ ਕਰਨ ਦੀ ਚੁਣੌਤੀ ਦਿੱਤੀ ਗਈ ਹੈ।
ਪੰਨੂ ਨੇ ਆਪਣੀ ਵਾਇਰਲ ਵੀਡੀਓ ’ਚ ਕਿਹਾ- “ਚੰਡੀਗੜ੍ਹ ਧਮਾਕਾ ਖ਼ਾਲਸਾਈ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ। CM ਭਗਵੰਤ ਮਾਨ ਨੂੰ ਸੁਨੇਹਾ ਦਿੰਦਾ ਹੈ। ਖਾਕੀ ਦਾ ਸਾਥ ਕੁਰਸੀ ਤੱਕ ਦਾ, ਕੇਸਰੀ ਤੋਂ ਵੈਰ ਜ਼ਿੰਦਗੀ ਤੱਕ ਦਾ। ਪੰਜਾਬ ਪੁਲਿਸ ਨੇ ਚੰਡੀਗੜ੍ਹ ’ਚ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੇ ਸਿਰ ’ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸਿੱਖ ਫਾਰ ਜਸਟਿਸ ਨੌਜਵਾਨਾਂ ਦੇ ਬਚਾਅ ’ਤੇ 5 ਲੱਖ ਰੁਪਏ ਖ਼ਰਚ ਕਰੇਗੀ।”
ਉਸ ਨੇ ਕਿਹਾ ਕਿ SFJ ਦਾ ਸੁਨੇਹਾ ਜਸਕੀਰਤ ਸਿੰਘ ਚਾਹਲ ਵਰਗੇ ਪੁਲਿਸ ਅਫ਼ਸਰਾਂ ਨੂੰ ਹੈ। ਅੱਜ ਭਗਵੰਤ ਮਾਨ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰਾਂ ਜਾਂ ਅੱਤਵਾਦੀਆਂ ਦੇ ਨਾਂ ’ਤੇ ਮਾਰਦਾ ਹੈ। ਖ਼ਾਲਸਾਈ ਇਨਸਾਫ਼ ਦੀ ਗੋਲੀ ਸਦਾ ਪਿੱਛਾ ਕਰੇਗੀ। SFJ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟ ਮੁਹਿੰਮ ਚਲਾ ਰਹੀ ਹੈ। ਭਗਵੰਤ ਮਾਨ ਅਤੇ ਪੁਲਿਸ ਅਫ਼ਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸੂਚੀਆਂ ਬਣ ਚੁੱਕੀਆਂ ਹਨ ਅਤੇ ਚੁਣ-ਚੁਣ ਕੇ ਇਨਸਾਫ ਲਿਆ ਜਾਵੇਗਾ।
ਚੰਡੀਗੜ੍ਹ ਗ੍ਰੇਨੇਡ ਹਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਦੱਸ ਦੇਈਏ ਪੰਨੂ ਦੀ ਇਹ ਵੀਡੀਓ ਅੱਤਵਾਦੀ ਹਮਲੇ ਦੇ ਮੁਲਜ਼ਮ ਰੋਹਨ ਮਸੀਹ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਈ ਹੈ। ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੁਲਿਸ ਨੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਦਾ ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।