ਚੰਡੀਗੜ੍ਹ : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਜਿਹਨਾਂ ਦੇ ਖਿਲਾਫ ਜਿਣਸੀ ਛੇੜਛਾੜ ਦੇ ਦੋਸ਼ ਲੱਗੇ ਹਨ, ਐਤਵਾਰ ਨੂੰ ਪੁਲਿਸ ਜਾਂਚ ਵਿਚ ਸ਼ਾਮਲ ਹੋਏ। ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਧਾਰਾ 41 ਏ ਤਹਿਤ ਨੋਟਿਸ ਜਾਰੀ ਕੀਤਾ ਸੀ। ਉਹ ਸਵੇਰੇ 11.30 ਵਜੇ ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਥਾਣੇ ਵਿਚ ਪਹੁੰਚੇ ਜਿਥੇ ਉਹਨਾਂ ਤੋਂ ਸ਼ਾਮ 7.00 ਵਜੇ ਤੱਕ ਪੁੱਛ ਗਿੱਛ ਕੀਤੀ ਗਈ। ਪੁੱਛ ਗਿੱਛ ਦੌਰਾਨ ਉਹਨਾਂ ਦੇ ਵਕੀਲ ਦੀਪਕ ਸੱਭਰਵਾਲ ਵੀ ਹਾਜ਼ਰ ਸਨ। ਸੰਦੀਪ ਸਿੰਘ ਨੇ ਵੀ SIT ਨੂੰ ਕੁਝ ਦਸਤਾਵੇਜ਼ ਸੌਂਪੇ ਹਨ। SIT ਨੇ ਸੰਦੀਪ ਸਿੰਘ ਤੋਂ ਕਰੀਬ 7 ਘੰਟੇ ਤੱਕ ਸਵਾਲ-ਜਵਾਬ ਕੀਤੇ ਹਨ ।
ਲੰਘੇ ਕੱਲ੍ਹ ਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਸੰਦੀਪ ਸਿੰਘ ਖ਼ਿਲਾਫ਼ ਦਰਜ ਕੇਸ ਵਿੱਚ ਹੋਰ ਧਾਰਾਵਾਂ ਜੋੜ ਦਿੱਤੀਆਂ ਸਨ। ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਉਸ ਵਿਰੁੱਧ ਦਰਜ ਕੇਸ ਵਿੱਚ ਆਈਪੀਸੀ ਦੀ ਇੱਕ ਨਵੀਂ ਧਾਰਾ ਜੋੜ ਦਿੱਤੀ ਹੈ। ਪੀੜਤ ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬਾਂਸਲ ਦਾ ਕਹਿਣਾ ਹੈ ਕਿ ਪੁਲਿਸ ਪੀੜਤਾ ਦੇ ਉਹ ਕੱਪੜੇ ਲੈ ਗਈ ਹੈ ਜੋ ਉਸ ਨੇ ਘਟਨਾ ਵਾਲੇ ਦਿਨ ਪਹਿਨੇ ਸਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਐਫਆਈਆਰ ਵਿੱਚ ਧਾਰਾ 509 ਵੀ ਜੋੜ ਦਿੱਤੀ ਗਈ ਹੈ ਜਦਕਿ ਪਹਿਲਾਂ 354,354 ਏ, 354ਬੀ,342 ਤੇ 506 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਦੱਸ ਦਈਏ ਕਿ ਸੰਦੀਪ ਸਿੰਘ ਨੇ ਕੇਸ ਦਰਜ ਹੋਣ ਮਗਰੋਂ ਖੇਡ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। ਦੂਜੇ ਪਾਸੇ ਸੰਦੀਪ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਹਰਿਆਣਾ ਦੀ ਖੱਟਰ ਸਰਕਾਰ ਵੀ ਵਿਵਾਦਾਂ ਵਿੱਚ ਘਿਰ ਗਈ ਹੈ। ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦਾ ਕਹਿਣਾ ਹੈ ਕਿ ਇਲਜ਼ਾਮ ਲਾਉਣ ਨਾਲ ਕੋਈ ਦੋਸ਼ੀ ਸਾਬਤ ਨਹੀਂ ਹੋ ਜਾਂਦਾ।
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਇੱਕ ਜੂਨੀਅਰ ਮਹਿਲਾ ਅਥਲੈਟਿਕਸ ਕੋਚ ਨੇ ਹਾਲ ਹੀ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ 36 ਸਾਲਾ ਸੰਦੀਪ ਸਿੰਘ ‘ਤੇ ਉਸ ਨੂੰ ਬੰਧਕ ਬਣਾਉਣ, ਉਸ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਦੀ ਸ਼ਿਕਾਇਤ ਦੇ ਆਦਾਰ ’ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਦੀਪ ਸਿੰਘ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।