The Khalas Tv Blog Punjab ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਢ, ਪੰਜਾਬ ਦੇ ਅੱਧੀ ਦਰਜਨ ਸ਼ਹਿਰ ਸ਼ਿਮਲਾ ਨਾਲੋਂ ਠੰਢੇ
Punjab

ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਢ, ਪੰਜਾਬ ਦੇ ਅੱਧੀ ਦਰਜਨ ਸ਼ਹਿਰ ਸ਼ਿਮਲਾ ਨਾਲੋਂ ਠੰਢੇ

Severe cold in Punjab, half a dozen cities of Punjab are colder than Shimla

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਆਲਮ ਇਹ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਿਮਾਚਲ ਤੋਂ ਵੀ ਵੱਧ ਠੰਢ ਪੈ ਰਹੀ ਹੈ। ਠੰਢ ਦਾ ਕਹਿਰ ਆਉਣ ਵਾਲੇ ਦਿਨਾਂ ਵਿਚ ਹੋਰ ਵਧੇਗਾ। ਮੌਸਮ ਵਿਭਾਗ ਨੇ ਅੱਜ ਤੇ ਸ਼ਨੀਵਾਰ ਦੋ ਦਿਨ ਮਾਝਾ, ਦੁਆਬਾ ਤੇ ਪੂਰਬੀ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।

ਵੇਰਵਿਆਂ ਅਨੁਸਾਰ ਲੁਧਿਆਣਾ ਸ਼ਹਿਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 3.7 ਡਿਗਰੀ ਸੈਲਸੀਅਸ ਤੱਕ ਘੱਟ ਰਿਹਾ। ਦੱਸਣਯੋਗ ਹੈ ਕਿ ਸ਼ਿਮਲਾ ਦਾ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਤਿੰਨ ਦਿਨ ਸੰਘਣੀ ਧੁੰਦ ਪੈਣ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਪਟਿਆਲਾ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਜਲੰਧਰ ਤੇ ਮੋਗਾ ਸ਼ਹਿਰਾਂ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਰਿਹਾ। ਪਟਿਆਲਾ ਵਿੱਚ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 4.6, ਫ਼ਰੀਦਕੋਟ ਵਿੱਚ 4.2, ਫ਼ਿਰੋਜ਼ਪੁਰ ਵਿੱਚ 4.5, ਜਲੰਧਰ ’ਚ 3.7 ਅਤੇ ਮੋਗਾ ਵਿੱਚ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਗਿਆਨੀਆਂ ਅਨੁਸਾਰ 22 ਦਸੰਬਰ ਨੂੰ ਹਿਮਾਲੀਅਨ ਰਿਜ਼ਨ ਵਿੱਚ ਪੱਛਮੀ ਗੜਬੜੀ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਸ ਦਾ ਅਸਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸੇ ਕਰਕੇ ਮੌਸਮ ਵਿਗਿਆਨੀਆਂ ਨੇ 22 ਤੇ 23 ਦਸੰਬਰ ਨੂੰ ਪੰਜਾਬ ’ਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

Exit mobile version