The Khalas Tv Blog International ਪਾਕਿਸਤਾਨ ’ਚ ਹਮਲਾਵਰਾਂ ਵੱਲੋਂ ਸੱਤ ਪੰਜਾਬੀ ਮੁਸਾਫ਼ਿਰਾਂ ਨੂੰ ਮਾਰੀ ਗੋਲੀ
International

ਪਾਕਿਸਤਾਨ ’ਚ ਹਮਲਾਵਰਾਂ ਵੱਲੋਂ ਸੱਤ ਪੰਜਾਬੀ ਮੁਸਾਫ਼ਿਰਾਂ ਨੂੰ ਮਾਰੀ ਗੋਲੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਲਾਹੌਰ ਜਾ ਰਹੀ ਇੱਕ ਬੱਸ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਬੁੱਧਵਾਰ ਨੂੰ ਹਮਲਾ ਕਰ ਦਿੱਤਾ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਰਾਇਟਰਜ਼ ਦੇ ਅਨੁਸਾਰ, ਇਨ੍ਹਾਂ ਹਮਲਾਵਰਾਂ ਨੇ ਰਾਸ਼ਟਰੀ ਰਾਜਮਾਰਗ ‘ਤੇ ਬੈਰੀਕੇਡ ਲਗਾ ਕੇ ਬੱਸ ਨੂੰ ਰੋਕਿਆ। ਇਸ ਤੋਂ ਬਾਅਦ ਸਾਰਿਆਂ ਦੇ ਆਈਡੀ ਕਾਰਡ ਚੈੱਕ ਕੀਤੇ ਗਏ ਅਤੇ ਪੰਜਾਬ ਵਿੱਚ ਰਹਿਣ ਵਾਲੇ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ।

ਹਮਲਾਵਰਾਂ ਨੇ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਚੁੱਕ ਲਿਆ ਅਤੇ ਨੇੜਲੇ ਪਹਾੜ ‘ਤੇ ਲੈ ਗਏ। ਇਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇੱਕ ਯਾਤਰੀ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 10-12 ਸੀ ਅਤੇ ਸਾਰਿਆਂ ਕੋਲ ਕਲਾਸ਼ਨੀਕੋਵ ਬੰਦੂਕਾਂ ਸਨ।

ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਕਤਲਾਂ ਦੇ ਪਿੱਛੇ ਦਾ ਕਾਰਨ ਸਪੱਸ਼ਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ ਪਰ ਹਮਲਾਵਰ ਫਰਾਰ ਹੋ ਗਏ ਹਨ।

ਬਰਖਾਨ ਦੇ ਡਿਪਟੀ ਪੁਲੀਸ ਕਮਿਸ਼ਨਰ ਵਕਾਰ ਖੁਰਸ਼ੀਦ ਆਲਮ ਨੇ ਘਟਨਾ ਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੱਤ ਦੀ ਹੱਤਿਆ ਕੀਤੀ ਗਈ ਹੈ, ਉਹ ਸਾਰੇ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਤੇ ਲਾਹੌਰ ਜਾ ਰਹੇ ਸਨ।

Exit mobile version