ਬਿਉਰੋ ਰਿਪੋਰਟ – ਡੇਰਾਬੱਸੀ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਵਾਲਾ ਸੜਕ ’ਤੇ ਪੈਂਦੇ ਭਗਤ ਸਿੰਘ ਨਗਰ ਵਿੱਚ 7 ਨਾਬਾਲਗ ਬੱਚੇ 36 ਘੰਟੇ ਤੋਂ ਲਾਪਤਾ ਹਨ। ਪਰਿਵਾਰ ਪਰੇਸ਼ਾਨ ਹੈ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ 5 ਵਜੇ ਬੱਚੇ ਘਰ ਤੋਂ ਪਾਰਕ ਵਿੱਚ ਖੇਡਣ ਦੇ ਲਈ ਗਏ ਸਨ ਅਤੇ ਫਿਰ ਹੁਣ ਤੱਕ ਵਾਪਸ ਨਹੀਂ ਪਰਤੇ।
ਦੱਸਿਆ ਜਾ ਰਿਹਾ ਹੈ ਕਿ ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ। ਸਭ ਤੋਂ ਵੱਡੇ ਲੜਕੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਅਤੇ ਉਹ 10ਵੀਂ ਕਲਾਸ ਵਿੱਚ ਪੜ੍ਹਦਾ ਹੈ। ਮਾਪੇ ਇਹ ਸੋਚ ਕੇ ਪਰੇਸ਼ਾਨ ਹਨ ਕਿ ਬੱਚੇ ਗਏ ਕਿੱਥੇ? ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਪੁੱਛ-ਗਿੱਛ ਕੀਤੀ ਹੈ, ਹਰ ਉਸ ਥਾਂ ’ਤੇ ਗਏ ਜਿੱਥੇ ਬੱਚੇ ਜਾਂਦੇ ਸਨ ਪਰ ਹੁਣ ਤੱਕ 7 ਨਾਬਾਲਕ ਬੱਚਿਆਂ ਦਾ ਪਤਾ ਨਹੀਂ ਚੱਲਿਆ ਹੈ। ਹਾਲਾਂਕਿ ਬੱਚਿਆਂ ਦੇ ਇੱਕ ਸਾਥੀ ਤੋਂ ਪਤਾ ਚੱਲਿਆ ਹੈ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ।
15 ਸਾਲਾਂ ਦੀਪ ਜੋ ਸਵੇਰੇ ਸੂਰਜ ਅਤੇ ਅਨਿਲ ਸਮੇਤ ਪੁਲਿਸ ਥਾਣੇ ਦੇ ਸਾਹਮਣੇ ਪੈਂਦੇ ਪਾਰਕ ਵਿੱਚ ਗਿਆ ਸੀ ਉਸ ਨੇ ਦੱਸਿਆ ਦੋਵੇ ਬੱਚੇ ਘਰ ਤੋਂ ਭੱਜਣ ਦੀ ਗੱਲ ਕਰ ਰਹੇ ਸਨ ਉਸ ਨੂੰ ਨਾਲ ਚੱਲਣ ਲਈ ਕਿਹਾ ਸੀ ਪਰ ਉਹ ਡਰ ਗਿਆ ਅਤੇ 2 ਘੰਟਿਆਂ ਬਾਅਦ ਪਾਰਕ ਤੋਂ ਘਰ ਆ ਗਿਆ। ਪੀੜਤ ਪਰਿਵਾਰ ਦੇ ਮੁਤਾਬਿਕ 7 ਬੱਚਿਆਂ ਵਿੱਚੋਂ 2 ਦੇ ਕੋਲ ਮੋਬਾਈਲ ਫੋਨ ਹਨ ਪਰ ਉਨ੍ਹਾਂ ਵਿੱਚ ਸਿਮ ਨਹੀਂ ਹਨ। ਉਹ ਦੋਵੇਂ ਮੋਬਾਇਲ ਵਿੱਚ ਆਪਣੀ ਇੰਸਟਾਗ੍ਰਾਮ ਐੱਪ ਅਤੇ ਆਈਡੀ ਚਲਾਉਣ ਦੇ ਨਾਲ ਹੀ ਗੇਮਾਂ ਖੇਡਦੇ ਸਨ।
ਡੇਰਾਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਮਾਪਿਆਂ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 7 ਬੱਚਿਆਂ ਦੇ ਇੱਕ ਸਾਥੀ ਨੇ ਲਾਪਤਾ ਬੱਚਿਆਂ ਦੇ ਮੁੰਬਈ ਜਾਣ ਦੇ ਪਲਾਨ ਬਾਰੇ ਜਿਹੜਾ ਖੁਲਾਸਾ ਕੀਤਾ ਹੈ ਉਹ ਪੁਲਿਸ ਦੇ ਲਈ ਵੱਡੀ ਜਾਣਕਾਰੀ ਹੈ। ਕਿਉਂਕਿ ਰੇਲਵੇ ਅਤੇ ਬੱਸ ਸਟੈਂਡ ‘ਤੇ ਲੱਗੇ ਸੀਸੀਟੀਵੀ ਦੇ ਜ਼ਰੀਏ ਬੱਚਿਆਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਮਿਲ ਸਕਦੀ ਹੈ।