The Khalas Tv Blog India ਹਰਿਆਣਾ ਦੇ ਸੀਨੀਅਰ IPS ਅਫ਼ਸਰ ਨੇ ਕੀਤੀ ਖ਼ੁਦਕੁਸ਼ੀ, IAS ਅਫ਼ਸਰ ਪਤਨੀ CM ਨਾਲ ਜਪਾਨ ਦੌਰੇ ’ਤੇ
India

ਹਰਿਆਣਾ ਦੇ ਸੀਨੀਅਰ IPS ਅਫ਼ਸਰ ਨੇ ਕੀਤੀ ਖ਼ੁਦਕੁਸ਼ੀ, IAS ਅਫ਼ਸਰ ਪਤਨੀ CM ਨਾਲ ਜਪਾਨ ਦੌਰੇ ’ਤੇ

ਬਿਊਰੋ ਰਿਪੋਰਟ (7 ਅਕਤੂਬਰ, 2025): ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿੱਚ ਸਥਿਤ ਆਪਣੀ ਕੋਠੀ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸ਼ੁਰੂਆਤੀ ਜਾਂਚ ਮੁਤਾਬਕ ਵਾਈ ਪੂਰਨ ਕੁਮਾਰ ਨੇ ਆਪਣੇ PSO ਦੀ ਪਿਸਤੌਲ ਨਾਲ ਗੋਲ਼ੀ ਚਲਾਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੇ ਨਾਲ ਹਰਿਆਣਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਇਸ ਦੌਰਾਨ IAS ਅਧਿਕਾਰੀ ਮੁਹੰਮਦ ਸ਼ਾਇਨ ਅਤੇ IAS ਅਧਿਕਾਰੀ ਵਿਜੈ ਦਹੀਆ ਵੀ ਮੌਜੂਦ ਰਹੇ ਅਤੇ ਪੁਲਿਸ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ।

ਚੰਡੀਗੜ੍ਹ ਦੀ SSP ਕਵਰਦੀਪ ਕੌਰ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਵਾਈ ਪੂਰਨ ਕੁਮਾਰ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣੇ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਕਹਿਣਾ ਮੁਸ਼ਕਲ ਹੈ ਪਰ ਜਾਂਚ ਕੀਤੀ ਜਾ ਰਹੀ ਹੈ।

ਵਾਈ ਪੂਰਨ ਕੁਮਾਰ 2001 ਬੈਚ ਦੇ IPS ਅਧਿਕਾਰੀ ਸਨ ਅਤੇ ਹਾਲ ਹੀ ਵਿੱਚ 29 ਸਤੰਬਰ ਨੂੰ ਉਨ੍ਹਾਂ ਦੀ ਤਾਇਨਾਤੀ ਰੋਹਤਕ ਦੇ ਸੁਨਾਰੀਆ ਸਥਿਤ ਪੁਲਿਸ ਟ੍ਰੇਨਿੰਗ ਕਾਲਜ (PTC) ਵਿੱਚ IG ਵਜੋਂ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਉਹ 7 ਅਕਤੂਬਰ ਤੱਕ ਛੁੱਟੀ ’ਤੇ ਸਨ, ਪਰ ਇਸ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ।

ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਹਰਿਆਣਾ ਸਰਕਾਰ ਵਿੱਚ ਸੀਨੀਅਰ IAS ਅਧਿਕਾਰੀ ਹਨ ਅਤੇ 5 ਅਕਤੂਬਰ ਨੂੰ CM ਨਾਇਬ ਸੈਣੀ ਦੇ ਨਾਲ ਜਪਾਨ ਦੌਰੇ ’ਤੇ ਗਏ ਹੋਏ ਹਨ। ਉਹ ਸਰਕਾਰੀ ਡੈਲੀਗੇਸ਼ਨ ਨਾਲ 8 ਅਕਤੂਬਰ ਦੀ ਸ਼ਾਮ ਨੂੰ ਭਾਰਤ ਵਾਪਸ ਆਉਣਗੇ।

Exit mobile version