ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਾਲੇ ਇਲਾਕੇ ‘ਚ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਅੱਜ ਇੱਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ, ਜਦਕਿ ਦੂਜੇ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਇੱਥੇ ਚੱਲ ਰਹੇ ਅਪਰੇਸ਼ਨ ਦੌਰਾਨ ਸ਼ੁੱਕਰਵਾਰ ਨੂੰ ਦਹਿਸ਼ਤਗਰਦਾਂ ਵੱਲੋਂ ਕੀਤੇ ਧਮਾਕੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਅਤੇ ਮੇਜਰ ਜ਼ਖਮੀ ਹੋ ਗਿਆ ਸੀ।
ਮਾਰੇ ਗਏ ਦਹਿਸ਼ਤਗਰਦ ਕੋਲੋਂ ਏਕੇ-56 ਰਾਈਫਲ, ਚਾਰ ਮੈਗਜ਼ੀਨ, 56 ਕਾਰਤੂਸ, 9 ਐੱਮਐੱਮ ਪਿਸਤੌਲ, ਤਿੰਨ ਮੈਗਜ਼ੀਨ ਅਤੇ ਤਿੰਨ ਗ੍ਰਨੇਡ ਬਰਾਮਦ ਕੀਤੇ ਗਏ ਹਨ। ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਇਹ ਪਤਾ ਨਹੀਂ ਲੱਗਿਆ ਕਿ ਉਹ ਕਿਸ ਜਥੇਬੰਦੀ ਨਾਲ ਜੁੜਿਆ ਹੋਇਆ ਸੀ।
ਸ਼ੁੱਕਰਵਾਰ ਨੂੰ ਸ਼ਹੀਦ ਜਵਾਨਾਂ ‘ਚੋਂ ਚਾਰ 9 ਪੈਰਾ (ਸਪੈਸ਼ਲ ਫੋਰਸਿਜ਼) ਦੇ ਕਮਾਂਡੋ ਸਨ, ਜਦਕਿ ਪੰਜਵਾਂ ਰਾਸ਼ਟਰੀ ਰਾਈਫਲਜ਼ ਬਟਾਲੀਅਨ ਦਾ ਸੀ। ਫੌਜ ਨੇ ਇਨ੍ਹਾਂ ਦੀ ਪਛਾਣ ਅਖਨੂਰ ਦੇ ਹੌਲਦਾਰ ਨੀਲਮ ਸਿੰਘ, ਪਾਲਮਪੁਰ ਦੇ ਨਾਇਕ ਅਰਵਿੰਦ ਕੁਮਾਰ, ਉਤਰਾਖੰਡ ਦੇ ਗੈਰਸੈਨ ਦੇ ਲਾਂਸ ਨਾਇਕ ਰੁਚਿਨ ਸਿੰਘ ਰਾਵਤ, ਦਾਰਜੀਲਿੰਗ ਦੇ ਪੈਰਾਟਰੂਪਰ ਸਿਧਾਂਤ ਛੇਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਪੈਰਾਟਰੂਪਰ ਪ੍ਰਮੋਦ ਨੇਗੀ ਵਜੋਂ ਕੀਤੀ ਹੈ। ਇਹ ਜਵਾਨ 20 ਅਪ੍ਰੈਲ ਨੂੰ ਹੋਏ ਹਮਲੇ ਲਈ ਅੱਤਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਫੌਜ ਦੀ ਟੀਮ ਦਾ ਹਿੱਸਾ ਸਨ।