ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਬਾਦਲ ਪਿਉ ਪੁੱਤ ਖਿਲਾਫ਼ ਦੂਜਾ ਚਲਾਨ ਪੇਸ਼ ਹੋ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਫ਼ਰੀਦਕੋਟ ਅਦਾਲਤ ਵਿੱਚ 2400 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ। ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਪੁਲਿਸ ਮੁਖੀ ਡੀਜੀਪੀ ਸੁਮੇਧ ਸੈਣੀ ਦਾ ਨਾਂ ਵੀ ਇਸ ਚਲਾਨ ਵਿੱਚ ਸ਼ਾਮਿਲ ਹੈ। ਸੁਮੇਧ ਸੈਣੀ ’ਤੇ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਦੋਸ਼ ਹਨ।
ਐਲ ਕੇ ਯਾਦਵ ਏਡੀਜੀਪੀ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ U/S 173(8) ਪੇਸ਼ ਕੀਤਾ ਗਿਆ ਹੈ। ਚਾਰਜਸ਼ੀਟ ਵਿੱਚ ਪਰਮ ਰਾਜ ਸਿੰਘ ਉਮਰਾਨਗਲ , ਚਰਨਜੀਤ ਸ਼ਰਮਾ, ਅਮਰ ਸਿੰਘ ਚਾਹਲ, ਸੁਖਮੰਦਰ ਮਾਨ ਖਿਲਾਫ ਵੀ ਚਲਾਨ ਪੇਸ਼ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 24 ਫਰਵਰੀ ਮਹੀਨੇ ਵਿੱਚ ਬਾਦਲ ਪਿਉ ਪੁੱਤ ਖਿਲਾਫ਼ 7000 ਪੰਨਿਆ ਦੀ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਈ ਉੱਚ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਸ਼ਾਮਿਲ ਸਨ।
12 ਅਕਤੂਬਰ 2015 ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਨਰਾਜ਼ ਸਿੱਖ ਸੰਗਤਾਂ ਵੱਲੋਂ 13 ਅਕਤੂਬਰ ਨੂੰ ਬਹਿਬਲਕਲਾਂ ਅਤੇ ਕੋਟਕਪੂਰਾ ਵਿੱਚ ਮੋਰਚਾ ਲਗਾਇਆ ਗਿਆ ਸੀ। 14 ਅਕਤੂਬਰ ਦੀ ਸਵੇਰੇ 5 ਵਜੇ ਧਰਨਾ ਚੁੱਕਣ ਦੇ ਲਈ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ 2 ਸਿੰਘ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ ਅਤੇ 100 ਤੋਂ ਵੱਧ ਸਿੰਘ ਜ਼ਖ਼ਮੀ ਹੋਏ ਸਨ।
ਤਤਕਾਲੀ ਬਾਦਲ ਸਰਕਾਰ ਨੇ ਬੇਅਦਬੀ ਮਾਮਲੇ ਦੀ ਜਾਂਚ ਦੇ ਲਈ ਜ਼ੋਰਾ ਸਿੰਘ ਕਮਿਸ਼ਨ ਬਣਾਇਆ । ਪਰ 3 ਮਹੀਨੇ ਬਾਅਦ ਜਿਹੜੀ ਰਿਪੋਰਟ ਰਿਟਾਇਡ ਜਸਟਿਸ ਜ਼ੋਰਾ ਸਿੰਘ ਨੇ ਪੇਸ਼ ਕੀਤੀ ਉਸ ਨੂੰ ਬਾਦਲ ਸਰਕਾਰ ਨੇ ਪੜਿਆ ਤੱਕ ਨਹੀਂ,ਇੰਨਾਂ ਹੀ ਨਹੀਂ ਸਵੇਰ ਤੋਂ ਸ਼ਾਮ ਤੱਕ ਉਹ ਰਿਪੋਰਟ ਲੈਕੇ ਖੜੇ ਰਹੇ ਕੋਈ ਰਿਪੋਰਟ ਲੈਣ ਨੂੰ ਤਿਆਰ ਨਹੀਂ ਸੀ,ਸ਼ਾਮ ਨੂੰ ਉਹ ਇੱਕ ਅਧਿਕਾਰੀ ਨੂੰ ਰਿਪੋਰਟ ਦੇਕੇ ਚੱਲੇ ਗਏ, ਉਹ ਸਕੱਤਰੇਤ ਵਿੱਚ ਹੀ ਰੁਲਦੀ ਰਹੀ ।
ਕੈਪਟਨ ਸਰਕਾਰੀ ਆਈ ਤਾਂ ਉਨ੍ਹਾਂ ਹਾਈਕੋਰਟ ਦੇ ਰਿਟਾਇਡ ਜੱਜ ਰਣਜੀਤ ਸਿੰਘ ਅਧੀਨ ਕਮਿਸ਼ਨ ਦਾ ਗਠਨ ਕੀਤਾ ਅਤੇ ਬੇਅਦਬੀ,ਗੋਲੀਕਾਂਡ ਦੀ ਜਾਂਚ ਕਰਵਾਈ । ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਅਤੇ ਤਤਕਾਲੀ ਅਕਾਲੀ ਸਰਕਾਰ ਅਤੇ ਸਾਬਾਕਾ ਡੀਜੀਪੀ ਸੁਮੇਧ ਸੈਣੀ,ਉਮਰਾਨੰਗਲ ਅਤੇ ਹੋਰ ਅਫਸਰਾਂ ਦੀਆਂ ਭੂਮਿਕਾਂ ‘ਤੇ ਸਵਾਲ ਚੁੱਕੇ ਅਤੇ ਇਸ ਦੀ ਜਾਂਚ ਕਰਵਾਉਣ ਦੇ ਲਈ SIT ਦੀ ਸਿਫਾਰਿਸ਼ ਕੀਤੀ ਗਈ । ਤਤਕਾਲੀ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਟਰ ਵਿਧਾਨਸਭਾ ਵਿੱਚ ਰੱਖੀ ਅਤੇ SIT ਬਣਾਉਣ ਦਾ ਐਲਾਨ ਕੀਤਾ ਗਿਆ । ਪ੍ਰਬੋਧ ਕੁਮਾਰ ਅਧੀਨ SIT ਦਾ ਗਠਨ ਕੀਤਾ ਗਿਆ ਜਿਸ ਵਿੱਚ IG ਕੁੰਵਰ ਵਿਜੇ ਪ੍ਰਤਾਪ ਨੂੰ ਵੀ ਸ਼ਾਮਲ ਕੀਤਾ ਗਿਆ ।
ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ ਤੋਂ ਲੈਕੇ ਅਕਸ਼ੇ ਕੁਮਾਰ ਤੱਕ ਤੋਂ ਪੁੱਛ-ਗਿੱਛ ਹੋਈ । ਪਰ ਜਦੋਂ ਫਾਇਨਲ ਰਿਪੋਰਟ ਤਿਆਰ ਹੋਈ ਤਾਂ ਹਾਈਕੋਰਟ ਨੇ 2021 ਵਿੱਚ ਇਸ ਨੂੰ ਖਾਰਜ ਕਰ ਦਿੱਤਾ । ਕੈਪਟਨ ਸਰਕਾਰ ਲਈ ਇਹ ਵੱਡਾ ਝਟਕਾ ਸੀ । ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਨਵੀਂ SIT ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ । ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਲਈ ਵੱਖ-ਵੱਖ SIT ਤਿਆਰ ਹੋਈ । 2 ਸਾਲ ਬਾਅਦ ਕੋਟਕਪੂਰਾ ਗੋਲੀਕਾਂਡ ਵਿੱਚ ਚਾਰਜਸ਼ੀਟ ਫਾਈਲ ਹੋ ਗਈ ਹੈ ।