The Khalas Tv Blog India ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ
India International Punjab Sports

ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ

ਗਲਾਸਗੋ ’ਚ ਜਨਮੀ ਸਿੱਖ ਕਲਾਕਾਰ ਜਸਲੀਨ ਕੌਰ ਬੁਧਵਾਰ  ਨੂੰ ਬਰਤਾਨੀਆਂ  ਦੇ ਵੱਕਾਰੀ ਟਰਨਰ ਪੁਰਸਕਾਰ ਲਈ ਫਾਈਨਲ ’ਚ ਪਹੁੰਚਣ ਵਾਲੇ ਆਖਰੀ ਚਾਰ ਮੁਕਾਬਲੇਬਾਜ਼ਾਂ ’ਚ ਸ਼ਾਮਲ ਹੈ। ਇਸ ਸਾਲ ਪੁਰਸਕਾਰ ਦੇ 40 ਸਾਲ ਪੂਰੇ ਹੋ ਰਹੇ ਹਨ। ਜਸਲੀਨ ਕੌਰ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ।

ਜਸਲੀਨ ਕੌਰ ਨੂੰ ਗਲਾਸਗੋ ਦੇ ਟ੍ਰਾਮਵੇ ਆਰਟਸ ਸੈਂਟਰ ’ਚ ‘ਆਲਟਰ ਆਲਟਰ’ ਨਾਂ ਦੀ ਸੋਲੋ ਪ੍ਰਦਰਸ਼ਨੀ ਲਈ ਨਾਮਜ਼ਦ ਕੀਤਾ ਗਿਆ ਹੈ। ਲੰਡਨ ਦੀ ਰਹਿਣ ਵਾਲੀ ਜਸਲੀਨ ਕੌਰ ਨੇ ਪ੍ਰਦਰਸ਼ਨੀ ਵਿਚ ਅਪਣੀਆਂ ਕਲਾਕ੍ਰਿਤੀਆਂ ਲਈ ਅਪਣੇ  ਪਰਵਾਰਕ ਜੀਵਨ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ।

ਜਸਲੀਨ ਕੌਰ, ਕਲਾਕਾਰ ਪੀਓ ਅਬਾਦ, ਕਲਾਉਡੇਟ ਜਾਨਸਨ ਅਤੇ ਡੇਲੇਨ ਲੀ ਬਾਸ ਵੀ ਪੁਰਸਕਾਰ ਲਈ ਫਾਈਨਲਿਸਟਾਂ ’ਚ ਸ਼ਾਮਲ ਹਨ। ਜੇਤੂ ਦਾ ਐਲਾਨ 3 ਦਸੰਬਰ ਨੂੰ ਇਕ  ਪੁਰਸਕਾਰ ਸਮਾਰੋਹ ’ਚ ਕੀਤਾ ਜਾਵੇਗਾ। ਜੇਤੂ ਨੂੰ 25,000 ਪੌਂਡ ਅਤੇ ਹੋਰ ਤਿੰਨ ਕਲਾਕਾਰਾਂ ਨੂੰ 10,000 ਪੌਂਡ ਦਿਤੇ ਜਾਣਗੇ। ਚਾਰਾਂ ਕਲਾਕਾਰਾਂ ਦੀਆਂ ਰਚਨਾਵਾਂ ਦੀ ਪ੍ਰਦਰਸ਼ਨੀ 25 ਸਤੰਬਰ ਤੋਂ ਲੰਡਨ ਦੇ ਇਕ ਅਜਾਇਬ ਘਰ ਵਿਚ ਲਗਾਈ ਜਾਵੇਗੀ ਅਤੇ ਅਗਲੇ ਸਾਲ ਫ਼ਰਵਰੀ ਦੇ ਅੱਧ ਤਕ  ਚੱਲੇਗੀ।

ਇਹ ਪੁਰਸਕਾਰ 1984 ’ਚ ਸਥਾਪਤ ਕੀਤਾ ਗਿਆ ਸੀ ਅਤੇ ਇਸ ਦਾ ਨਾਮ ਚਿੱਤਰਕਾਰ ਜੇ.ਐਮ.ਡਬਲਯੂ. ਟਰਨਰ (1775-1851) ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦੇ ਤਹਿਤ ਹਰ ਸਾਲ ਕਿਸੇ ਬ੍ਰਿਟਿਸ਼ ਕਲਾਕਾਰ ਨੂੰ ਉਨ੍ਹਾਂ ਦੇ ਕੰਮ ਦੀ ਸ਼ਾਨਦਾਰ ਪ੍ਰਦਰਸ਼ਨੀ ਜਾਂ ਹੋਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਸਮਕਾਲੀ ਬ੍ਰਿਟਿਸ਼ ਕਲਾ ’ਚ ਨਵੇਂ ਵਿਕਾਸ ਦੀ ਜਨਤਕ ਚਰਚਾ ਨੂੰ ਉਤਸ਼ਾਹਤ ਕਰਨਾ ਹੈ।

 

Exit mobile version